ਪੁਲਸ ਨੇ ਚੋਰੀ ਦੇ 3 ਮੋਟਰਸਾਈਕਲਾਂ ਸਮੇਤ 2 ਨੂੰ ਕੀਤਾ ਗ੍ਰਿਫਤਾਰ
Friday, Oct 06, 2017 - 06:40 AM (IST)

ਜਲੰਧਰ(ਪ੍ਰੀਤ, ਸੁਧੀਰ)-ਸ਼ਹਿਰ ਵਿਚ ਦੋਪਹੀਆ ਵਾਹਨ ਚੋਰੀ ਕਰ ਕੇ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਨੰ. 2 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਚੋਰਾਂ ਤੋਂ ਪੁਲਸ ਨੇ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕੀਤੇ ਹਨ। ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਥਾਣਾ ਨੰ. 2 ਦੇ ਐੈੱਸ. ਐੱਚ. ਓ. ਓਂਕਾਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਸਾਈਂ ਦਾਸ ਸਕੂਲ ਦੀ ਗਰਾਊਂਡ ਦੇ ਕੋਲੋਂ ਇਕ ਮੁਲਜ਼ਮ ਲੱਕੀ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੇ ਕੋਲੋਂ ਬਰਲਟਨ ਪਾਰਕ ਤੋਂ ਚੋਰੀ ਕੀਤਾ ਇਕ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਭਗਤ ਸਿੰਘ ਚੌਕ ਦੇ ਨੇੜਿਓਂ ਕੁਝ ਦਿਨ ਪਹਿਲਾਂ ਚੋਰੀ ਹੋਇਆ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਏ. ਸੀ. ਪੀ. ਚੱਢਾ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਦੇ ਆਧਾਰ 'ਤੇ ਉਸ ਦੇ ਇਕ ਸਾਥੀ ਰਾਜਾ ਬਾਬੂ ਵਾਸੀ ਮਧੂਬਨ ਕਾਲੋਨੀ ਨੂੰ ਗ੍ਰਿਫਤਾਰ ਕਰ ਕੇ ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ।