1 ਲੱਖ 44 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ
Thursday, Oct 05, 2017 - 03:26 AM (IST)
ਦਿੱਲੀ ਤੋਂ ਜਾਅਲੀ ਕਰੰਸੀ ਲਿਆਉਣ ਵਾਲਾ ਫਰਾਰ
ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਐੱਸ. ਪੀ. ਡਿਟੈਕਟਿਵ ਅਜਮੇਰ ਸਿੰਘ ਬਾਠ ਦੀ ਅਗਵਾਈ ਹੇਠ 1 ਲੱਖ 44 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਉਸਦਾ ਦੂਜਾ ਸਾਥੀ ਜੋ ਦਿੱਲੀ ਤੋਂ ਜਾਅਲੀ ਕਰੰਸੀ ਲੈ ਕੇ ਆਉਂਦਾ ਸੀ, ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ, ਜਿਸਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਤਰਕਾਰ ਸੰਮੇਲਨ ਵਿਚ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐੱਸ. ਪੀ. ਅਜਮੇਰ ਸਿੰਘ ਬਾਠ ਅਤੇ ਭੁਪਿੰਦਰ ਸਿੰਘ ਭੁੱਲਰ ਡੀ. ਐੱਸ. ਪੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ. ਆਈ. ਏ. ਸਟਾਫ ਫਿਰੋਜ਼ਪੁਰ ਅਵਤਾਰ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਪਿੰਡ ਝੋਕ ਹਰੀ ਹਰ ਦੇ ਏਰੀਆ ਵਿਚ ਗੁਪਤ ਸੂਚਨਾ ਦੇ ਆਧਾਰ 'ਤੇ ਮਨਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਬੂੜਾ ਗੁੱਜਰ, ਜਿਜ਼ਲਾ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ 2 ਹਜ਼ਾਰ ਤੇ 500 ਰੁਪਏ ਦੇ ਜਾਅਲੀ ਨੋਟਾਂ ਦੀ ਕਰੰਸੀ ਬਰਾਮਦ ਕੀਤੀ ਹੈ, ਜਦਕਿ ਗੁਰਬਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੂੜਾ ਗੁੱਜਰ ਫਰਾਰ ਹੋ ਗਿਆ ਹੈ। ਪੁਲਸ ਜਲਦ ਹੀ ਗੁਰਬਾਜ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਵੇਗੀ ਅਤੇ ਉਸਦੇ ਕੋਲੋਂ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 27 ਦਿਨਾਂ ਤੋਂ ਜ਼ਿਲਾ ਫਿਰੋਜ਼ਪੁਰ ਦੀ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ 35 ਮੁਕੱਦਮੇ ਦਰਜ ਕਰ ਕੇ 51 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਇਕ ਕਿਲੋ 175 ਗ੍ਰਾਮ ਹੈਰੋਇਨ, 550 ਗ੍ਰਾਮ ਅਫੀਮ, 144 ਕਿਲੋ 600 ਗ੍ਰਾਮ ਚੂਰਾ-ਪੋਸਤ, 5400 ਨਸ਼ੀਲੀਆਂ ਗੋਲੀਆਂ ਅਤੇ 50 ਕਿੱਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।
5 ਚੋਰੀ ਦੇ ਮੋਟਰਸਾਈਕਲ, ਲਾਹਣ ਤੇ ਸ਼ਰਾਬ ਬਰਾਮਦ ਕੀਤੀ : ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਪੁਲਸ ਨੇ ਪਿਛਲੇ 27 ਦਿਨਾਂ ਵਿਚ ਚੋਰੀ ਦੇ 5 ਮੋਰਸਾਈਕਲਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਆਬਕਾਰੀ ਐਕਟ ਦੇ ਤਹਿਤ 61 ਮੁਕੱਦਮੇ ਦਰਜ ਕਰ ਕੇ 73 ਲੋਕਾਂ ਨੂੰ ਗ੍ਰਿਫਤਾਰ ਕਰ ਕੇ 3 ਚਾਲੂ ਸ਼ਰਾਬ ਦੀਆਂ ਭੱਠੀਆਂ, 161 ਲੀਟਰ 259 ਮਿਲੀ ਲੀਟਰ ਠੇਕਾ ਸ਼ਰਾਬ, 963 ਲੀਟਰ 470 ਮਿਲੀ ਲੀਟਰ ਨਾਜਾਇਜ਼ ਸ਼ਰਾਬ ਅਤੇ 35 ਹਜ਼ਾਰ 940 ਲੀਟਰ ਲਾਹਣ ਬਰਾਮਦ ਕੀਤੀ ਹੈ। ਪੁਲਸ ਨੇ ਮਾਈਨਿੰਗ ਐਕਟ ਤਹਿਤ 19 ਮੁਕੱਦਮੇ ਦਰਜ ਕਰ ਕੇ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਇਕ ਟਿੱਪਰ, 11 ਟਰੈਕਟਰ ਟਰਾਲੀਆਂ, 2 ਪੋਕਲੇਨ ਮਸ਼ੀਨਾਂ, 2 ਜੇ. ਸੀ. ਬੀ. ਅਤੇ 4 ਹੋਰ ਵਾਹਨ ਬਰਾਮਦ ਕੀਤੇ ਹਨ।
