ਲੁਧਿਆਣਾ ਦੇ ਕਾਰੋਬਾਰੀ ਤੋਂ ਮੰਗੀ ਗਈ 1 ਕਰੋੜ ਦੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ
Thursday, May 07, 2026 - 11:51 AM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਕਾਰੋਬਾਰੀਆਂ ਨੂੰ ਗੈਂਗਸਟਰਾਂ ਦੇ ਨਾਂ 'ਤੇ ਧਮਕਾ ਕੇ ਫਿਰੌਤੀ ਮੰਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲੇ ਵਿਚ ਮਾਡਲ ਟਾਊਨ ਇਲਾਕੇ ਦੇ ਇਕ ਨਾਮੀ ਕਾਰ ਡੀਲਰ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ 'ਤੇ ਮੌਤ ਦਾ ਡਰ ਦਿਖਾਇਆ ਗਿਆ ਹੈ। ਸ਼ਾਤਰ ਅਪਰਾਧੀਆਂ ਨੇ ਕਾਰੋਬਾਰੀ ਤੋਂ ਇਕ ਕਰੋੜ ਰੁਪਏ ਦੀ ਭਾਰੀ-ਭਰਕਮ ਫਿਰੌਤੀ ਦੀ ਮੰਗ ਕੀਤੀ ਹੈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਕਾਰੋਬਾਰੀ ਪ੍ਰਭਮੋਹਨ ਸਿੰਘ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਸੰਗੀਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਦੀ ਕਮਾਨ ਸੰਭਾਲ ਲਈ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਸ਼ਿਕਾਇਤਕਰਤਾ ਪ੍ਰਭਮੋਹਨ ਸਿੰਘ ਨੇ ਦੱਸਿਆ ਕਿ ਉਹ ਮਾਡਲ ਟਾਊਨ ਵਿਚ ਕਾਰਾਂ ਦੀ ਖਰੀਦੋ-ਫਰੋਖ਼ਤ ਦਾ ਕੰਮ ਕਰਦੇ ਹਨ। ਬੀਤੀ 1 ਮਈ ਦੀ ਰਾਤ ਕਰੀਬ 8 ਵਜੇ ਉਨ੍ਹਾਂ ਦੇ ਮੋਬਾਈਲ ਉੱਤੇ ਇਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ, ਜਿਸ ਨੂੰ ਉਨ੍ਹਾਂ ਨੇ ਅਣਜਾਣ ਸਮਝ ਕੇ ਨਹੀਂ ਚੁੱਕਿਆ। ਇਸ ਦੇ ਕੁਝ ਹੀ ਦੇਰ ਬਾਅਦ ਸਵਾ 8 ਵਜੇ ਉਸੇ ਨੰਬਰ ਤੋਂ ਇਕ ਆਡੀਓ ਮੈਸੇਜ ਆਇਆ। ਮੈਸੇਜ ਭੇਜਣ ਵਾਲੇ ਨੇ ਆਪਣਾ ਨਾਂ 'ਬੰਟੀ' ਦੱਸਦੇ ਹੋਏ ਦਾਅਵਾ ਕੀਤਾ ਕਿ ਉਹ ਰੋਹਿਤ ਗੋਦਾਰਾ ਗੈਂਗ ਦਾ ਮੈਂਬਰ ਹੈ। ਮੁਲਜ਼ਮ ਨੇ ਸਿੱਧੇ ਤੌਰ ਉੱਤੇ ਕਾਰੋਬਾਰੀ ਨੂੰ ਧਮਕਾਉਂਦੇ ਹੋਏ ਇਕ ਕਰੋੜ ਰੁਪਏ ਦੀ ਰੰਗਦਾਰੀ ਮੰਗੀ।
ਕਾਰੋਬਾਰੀ ਨੇ ਦੱਸਿਆ ਕਿ ਉਸ ਖੌਫ਼ਜ਼ਦਾ ਕਰਨ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਅਗਲੇ ਦਿਨ 2 ਮਈ ਨੂੰ ਸ਼ਾਮ ਕਰੀਬ 4 ਵਜੇ ਉਸੇ ਵਿਦੇਸ਼ੀ ਨੰਬਰ ਤੋਂ ਫਿਰ ਤੋਂ ਤਿੰਨ ਵਾਰ ਕਾਲ ਕੀਤੀ ਗਈ। ਅਣਹੋਣੀ ਦੇ ਡਰ ਤੋਂ ਕਾਰੋਬਾਰੀ ਨੇ ਫ਼ੋਨ ਰਿਸੀਵ ਨਹੀਂ ਕੀਤਾ ਅਤੇ ਤੁਰੰਤ ਉਸ ਨੰਬਰ ਨੂੰ ਬਲੌਕ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਿੰਮਤ ਦਿਖਾਉਂਦੇ ਹੋਏ ਪੁਲਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ। ਮਾਡਲ ਟਾਊਨ ਪੁਲਸ ਦਾ ਕਹਿਣਾ ਹੈ ਕਿ ਜਿਸ ਨੰਬਰ ਤੋਂ ਕਾਲ ਅਤੇ ਮੈਸੇਜ ਆਏ ਹਨ, ਉਸ ਦੀ ਟ੍ਰੇਸਿੰਗ ਕੀਤੀ ਜਾ ਰਹੀ ਹੈ। ਪੁਲਸ ਸਾਈਬਰ ਸੈੱਲ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰਨ ਵਿਚ ਜੁਟੀ ਹੈ ਤਾਂ ਜੋ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕੇ।
