ਸਕੇ ਭਰਾਵਾਂ ਨੇ ਬਣਾਇਆ ਗਿਰੋਹ, ਮਦਦ ਦੇ ਬਹਾਨੇ ਏ. ਟੀ. ਐੱਮ. ਕਾਰਡ ਬਦਲ ਕੇ ਕਰਦੇ ਸਨ ਵਾਰਦਾਤਾਂ
Wednesday, Sep 20, 2017 - 03:08 AM (IST)

ਲੁਧਿਆਣਾ(ਪੰਕਜ)- ਏ. ਟੀ. ਐੱਮ. ਦੇ ਬਾਹਰ ਖੜ੍ਹੇ ਹੋ ਕੇ ਭੋਲੇ-ਭਾਲੇ ਲੋਕਾਂ ਨੂੰ ਪੈਸੇ ਕਢਵਾਉਣ ਵਿਚ ਮਦਦ ਕਰਨ ਦਾ ਝਾਂਸਾ ਦੇ ਕੇ ਧੋਖੇ ਨਾਲ ਕਾਰਡ ਬਦਲ ਕੇ ਰੁਪਏ ਕਢਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਐੱਸ. ਟੀ. ਯੂ. ਨੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਇਕ ਮੁਲਜ਼ਮ ਅਜੇ ਫਰਾਰ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 30 ਦੇ ਕਰੀਬ ਵਾਰਦਾਤਾਂ ਕਰ ਚੁੱਕੇ ਮੁਲਜ਼ਮ ਸ਼ਾਹੀ ਜ਼ਿੰਦਗੀ ਜਿਊਣ ਲਈ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਉਡਾਉਂਦੇ ਸਨ। ਐੱਸ. ਟੀ. ਯੂ. ਇੰਚਾਰਜ ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰੁਣ ਜੈਨ ਪੁੱਤਰ ਸਤੀਸ਼ ਜੈਨ ਨਿਵਾਸੀ ਵਿਜੇਇੰਦਰ ਨਗਰ ਡਾਬਾ ਅਤੇ ਉਸ ਦੇ ਸਕੇ ਭਰਾ ਰਾਜਨ ਜੈਨ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਉਨ੍ਹਾਂ ਦੀ ਤੀਜਾ ਸਾਥੀ ਅੰਕੁਸ਼ ਕੁਮਾਰ ਉਰਫ ਕਾਲੀ ਪੁੱਤਰ ਪ੍ਰਦੀਪ ਕੁਮਾਰ ਨਿਵਾਸੀ ਗੁਰਪਾਲ ਨਗਰ ਫਰਾਰ ਹੋਣ ਵਿਚ ਸਫਲ ਹੋ ਗਿਆ। ਪ੍ਰੇਮ ਸਿੰਘ ਨੇ ਦੱਸਿਆ ਕਿ ਨੌਸਰਬਾਜ਼ ਭਰਾਵਾਂ ਦੀ ਜੋੜੀ ਆਪਣੇ ਸਾਥੀ ਸਮੇਤ ਪਿਛਲੇ ਲੰਬੇ ਸਮੇਂ ਤੋਂ ਇਸ ਧੰਦੇ ਵਿਚ ਸ਼ਾਮਲ ਸੀ, ਜਿਨ੍ਹਾਂ ਦੇ ਕੋਲੋਂ ਵੱਖ-ਵੱਖ ਬੈਂਕਾਂ ਦੇ 6 ਏ. ਟੀ. ਐੱਮ. ਬਰਾਮਦ ਹੋਏ ਹਨ।
ਇਸ ਤਰ੍ਹਾਂ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ
ਅਸਲ ਵਿਚ ਜ਼ਿਆਦਾਤਰ ਲੋਕ ਏ. ਟੀ. ਐੱਮ. ਦੀ ਸਹੀ ਵਰਤੋਂ ਕਰਨੀ ਨਹੀਂ ਜਾਣਦੇ। ਅਜਿਹੇ ਲੋਕ ਹੀ ਦੋਸ਼ੀਆਂ ਦਾ ਸ਼ਿਕਾਰ ਬਣਦੇ ਸਨ। ਏ. ਟੀ. ਐੱਮ. ਦੇ ਬਾਹਰ ਪਹਿਲਾਂ ਤੋਂ ਖੜ੍ਹੇ ਦੋਸ਼ੀ ਜਿਉਂ ਹੀ ਕਿਸੇ ਅਜਿਹੇ ਵਿਅਕਤੀ ਨੂੰ ਦੇਖਦੇ ਸਨ, ਜਿਸ ਨੂੰ ਏ. ਟੀ. ਐੱਮ. ਸਹੀ ਢੰਗ ਨਾਲ ਚਲਾਉਣਾ ਨਹੀਂ ਆਉਂਦਾ, ਮਦਦ ਕਰਨ ਦੇ ਬਹਾਨੇ ਦੋਸ਼ੀ ਉਸ ਤੋਂ ਏ. ਟੀ. ਐੱਮ. ਕਾਰਡ ਲੈ ਕੇ ਦੂਜਾ ਕਾਰਡ ਫੜਾ ਦਿੰਦੇ ਸਨ ਅਤੇ ਬਾਅਦ ਵਿਚ ਉਸ ਖਾਤੇ 'ਚ ਜਮ੍ਹਾ ਰਕਮ ਕਢਵਾ ਲੈਂਦੇ ਸਨ। ਦੋਵੇਂ ਭਰਾਵਾਂ ਨੇ ਪੁਲਸ ਹਿਰਾਸਤ ਵਿਚ ਸਾਫ ਕੀਤਾ ਕਿ ਉਹ ਹੁਣ ਤੱਕ ਲੱਖਾਂ ਰੁਪਏ ਕਢਵਾ ਚੁੱਕੇ ਹਨ ਅਤੇ ਉਕਤ ਰਕਮ ਨੂੰ ਉਨ੍ਹਾਂ ਨੇ ਐਸ਼ਪ੍ਰਸਤੀ ਵਿਚ ਉਡਾ ਦਿੱਤਾ। ਪੁਲਸ ਫਰਾਰ ਅੰਕੁਸ਼ ਦੀ ਭਾਲ ਕਰ ਰਹੀ ਹੈ। ਦੋਸ਼ੀਆਂ ਦੇ ਕਬਜ਼ੇ 'ਚੋਂ ਮੋਟਰਸਾਈਕਲ, 6 ਕਾਰਡ ਅਤੇ 5 ਹਜ਼ਾਰ ਦੀ ਨਕਦੀ ਬਰਾਮਦ ਹੋਈ ਹੈ।