ਨਾਬਾਲਗਾ ਨੇ ਲਾਇਆ ਮਤਰੇਏ ਪਿਓ ''ਤੇ ਛੇੜਛਾੜ ਦਾ ਦੋਸ਼, ਪਿਓ ਗ੍ਰਿਫਤਾਰ

Saturday, Sep 09, 2017 - 01:01 AM (IST)

ਅਬੋਹਰ(ਸੁਨੀਲ)—ਨਵੀਂ ਅਬਾਦੀ ਨਿਵਾਸੀ ਇਕ ਨਾਬਾਲਗਾ ਨੇ ਆਪਣੇ ਹੀ ਮਤਰੇਏ ਪਿਓ 'ਤੇ ਆਪਣੇ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ। ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਦੂਜਾ ਵਿਆਹ ਕੀਤਾ ਸੀ ਅਤੇ ਉਸ ਦੇ ਘਰ 5 ਕੁੜੀਆਂ ਹੋਈਆਂ, ਜਿਨ੍ਹਾਂ 'ਚੋਂ 4 ਵਿਆਹੀਆਂ ਹੋਈਆਂ ਹਨ। ਜਦਕਿ ਸਭ ਤੋਂ ਛੋਟੀ ਬੇਟੀ ਉਨ੍ਹਾਂ ਦੇ ਨਾਲ ਰਹਿੰਦੀ ਹੈ। ਔਰਤ ਨੇ ਦੱਸਿਆ ਕਿ ਅੱਜ ਉਹ ਰੋਜ਼ ਵਾਂਗ ਘਰਾਂ 'ਚ ਕੰਮ ਕਰਨ ਗਈ ਸੀ। ਇਸੇ ਦੌਰਾਨ ਉਸ ਦੇ ਪਤੀ ਨੇ ਬੇਟੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਸ ਦੀ ਨਾਬਾਲਗ ਲੜਕੀ ਆਪਣੇ ਮਤਰੇਏ ਪਿਓ ਤੋਂ ਕਿਸੇ ਤਰ੍ਹਾਂ ਬਚ ਕੇ ਘਰੋਂ ਭੱਜ ਕੇ ਗੁਆਂਢੀ ਦੀ ਦੁਕਾਨ 'ਤੇ ਆਈ ਅਤੇ ਉਸਨੇ ਪੁਲਸ ਨੂੰ ਫੋਨ ਕਰਨ ਲਈ ਕਿਹਾ। ਦੁਕਾਨਦਾਰ ਨਾਲ ਗੱਲਬਾਤ ਦੌਰਾਨ ਉਸ ਨੇ ਸਾਰੀ ਕਹਾਣੀ ਦੱਸੀ। ਇਸ ਦਾ ਪਤਾ ਲਗਦੇ ਹੀ ਨਰ ਸੇਵਾ ਨਾਰਾਇਣ ਸੇਵਾ ਕਮੇਟੀ ਦੇ ਪ੍ਰਧਾਨ ਸਮੇਤ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਸ ਦੀ ਬੇਟੀ ਨੂੰ ਡੀ. ਐੱਸ. ਪੀ. ਦੇ ਸਾਹਮਣੇ ਪੇਸ਼ ਕੀਤਾ। ਇਧਰ ਥਾਣਾ ਨੰ. 2 ਦੀ ਮਹਿਲਾ ਇੰਸਪੈਕਟਰ ਰਾਜਬੀਰ ਕੌਰ ਨੇ ਦੋਸ਼ੀ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਤੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।


Related News