ਧੀ ਨੂੰ ਕਤਲ ਕਰਨ ਵਾਲਾ ਪਿਓ ਗ੍ਰਿਫ਼ਤਾਰ

Tuesday, Jan 06, 2026 - 05:58 PM (IST)

ਧੀ ਨੂੰ ਕਤਲ ਕਰਨ ਵਾਲਾ ਪਿਓ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਆਪਣੀ ਹੀ ਧੀ ਦਾ ਕਤਲ ਕਰਨ ਵਾਲੇ ਪਿਤਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਮਿਤੀ 04-01-2026 ਨੂੰ ਪਿੰਡ ਮਿੱਡਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਦੁਖਦਾਈ ਘਟਨਾ ਵਾਪਰੀ, ਜਿਸ ਦੌਰਾਨ ਲੜਕੀ ਚਮਨਦੀਪ ਕੌਰ ਪੁੱਤਰੀ ਹਰਪਾਲ ਸਿੰਘ ਵਾਸੀ ਪਿੰਡ ਮਿੱਡਾ ਦਾ ਉਸਦੇ ਘਰ ਅੰਦਰ ਹੀ ਕਹੀ ਦੇ ਵਾਰ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲਸ ਨੂੰ ਤੁਰੰਤ ਸੂਚਨਾ ਪ੍ਰਾਪਤ ਹੋਈ। ਇਸ ਘਟਨਾ ਸਬੰਧੀ ਮ੍ਰਿਤਕ ਲੜਕੀ ਦੀ ਮਾਤਾ ਜਸਵਿੰਦਰ ਕੌਰ ਪਤਨੀ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮਿੱਡਾ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਕਿ ਲੜਕੀ ਦਾ ਪਿਤਾ ਜੋ ਕਿ ਉਸਦਾ ਪਤੀ ਹੈ, ਆਪਣੀ ਧੀ ਦੀ ਪੜਾਈ ਅਤੇ ਉਸਦੀ ਅਗਾਂਹਵਧੂ ਸੋਚ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਇਸੇ ਕਾਰਨ ਮਿਤੀ 04-01-2026 ਨੂੰ ਉਸਨੇ ਕਹੀ ਨਾਲ ਵਾਰ ਕਰਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਅਤੇ ਵਾਰਦਾਤ ਤੋਂ ਬਾਅਦ ਕਹੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। 

ਮ੍ਰਿਤਕ ਦੀ ਮਾਤਾ ਦੇ ਬਿਆਨ ਦੇ ਆਧਾਰ ’ਤੇ ਥਾਣਾ ਕਬਰਵਾਲਾ ਵਿਖੇ ਮੁਕੱਦਮਾ ਨੰਬਰ 02 ਮਿਤੀ 04-01-2026 ਅਧੀਨ ਧਾਰਾ 103(1) ਬੀਐਨਐਸ ਤਹਿਤ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮਿੱਡਾ ਦੇ ਖ਼ਿਲਾਫ਼ ਦਰਜ ਕੀਤਾ ਗਿਆ। ਪੁਲਸ ਵੱਲੋਂ ਦੌਰਾਨੇ ਤਲਾਸ਼ ਦੋਸ਼ੀ ਹਰਪਾਲ ਸਿੰਘ ਉਰਫ਼ ਪਾਲਾ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤੀ ਕਹੀ ਵੀ ਬਰਾਮਦ ਕਰ ਲਈ ਗਈ ਹੈ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕਾਨੂੰਨ ਅਨੁਸਾਰ ਜਾਰੀ ਹੈ।


author

Gurminder Singh

Content Editor

Related News