ਕਹਿਰ ਓ ਰੱਬਾ: PG ''ਚ ਕੁੜੀ ਦੇ ਰਹਿਣ ਤੋਂ ਖਫ਼ਾ ਰਹਿੰਦਾ ਸੀ ਪਿਓ, ਜਵਾਨ ਧੀ ਨੂੰ ਦਿੱਤੀ ਬੇਰਹਿਮ ਮੌਤ
Sunday, Jan 04, 2026 - 04:46 PM (IST)
ਮਲੋਟ(ਸ਼ਾਮ ਜੁਨੇਜਾ)- ਨਵੇਂ ਸਾਲ ਦੀ ਸ਼ੁਰੂਆਤ ਵਿਚ ਮਲੋਟ ਉਪ ਮੰਡਲ ਅੰਦਰ ਇਕ ਮੰਦਭਾਗੀ ਘਟਨਾ ਵਾਪਰੀ। ਥਾਣਾ ਕਬਰਵਾਲਾ ਦੇ ਪਿੰਡ ਮਿੱਡਾ ਵਿਖੇ ਇਕ ਵਿਅਕਤੀ ਨੇ ਕਹੀ ਮਾਰਕੇ ਆਪਣੀ 18 ਸਾਲਾ ਦੀ ਧੀ ਦਾ ਕਤਲ ਕਰ ਦਿੱਤਾ। ਲੜਕੀ ਮੁਹਾਲੀ ਵਿਖੇ ਪੜ੍ਹਾਈ ਕਰ ਰਹੀ ਸੀ ਪਰ ਪਿਓ ਨੂੰ ਉਸਦਾ ਪੜ੍ਹਨਾ ਪਸੰਦ ਨਹੀਂ ਸੀ। ਘਟਨਾ ਦਾ ਪਤਾ ਲੱਗਣ ਸਾਰ ਡੀ.ਐੱਸ.ਪੀ.ਹਰਬੰਸ ਸਿੰਘ , ਐਸ.ਐਚ.ਓ.ਕਬਰਵਾਲਾ ਹਰਪ੍ਰੀਤ ਕੌਰ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜ ਗਏ। ਪੁਲਸ ਵੱਲੋਂ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਐਚ.ਓ.ਹਰਪ੍ਰੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚਮਨਪ੍ਰੀਤ ਕੌਰ ਪੁੱਤਰੀ ਹਰਪਾਲ ਸਿੰਘ ਸੀ.ਜੀ.ਸੀ.ਮੁਹਾਲੀ ਵਿਖੇ ਬੀ.ਕਾਮ ਦੀ ਪੜ੍ਹਾਈ ਕਰ ਰਹੀ ਸੀ ਅਤੇ ਉਥੇ ਹੀ ਪੀ.ਜੀ.ਵਿਚ ਰਹਿੰਦੀ ਸੀ। ਇਹ ਵੀ ਦੱਸਿਆ ਕਿ ਲੜਕੀ ਪੜਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਖੇਡਾਂ ਵਿਚ ਪੰਜਾਬ ਪੱਧਰ 'ਤੇ ਮੈਡਲ ਹਾਸਲ ਕਰ ਚੁੱਕੀ ਹੈ। ਜਿਸ ਕਰਕੇ ਲੜਕੀ ਅਤੇ ਉਸਦੀ ਮਾਤਾ ਵੀ ਚਹੁੰਦੇ ਸੀ ਕਿ ਲੜਕੀ ਪੜ੍ਹ ਲਿਖ ਕਿ ਕਿਸੇ ਵਧੀਆ ਪੁਜੀਸ਼ਨ 'ਤੇ ਪੁੱਜੇ। ਪਰ ਉਸਦੇ ਪਿਓ ਨੂੰ ਲੜਕੀ ਦਾ ਘਰੋਂ ਬਾਹਰ ਰਹਿ ਕਿ ਪੜ੍ਹਨਾ ਪਸੰਦ ਨਹੀਂ ਸੀ, ਜਿਸ ਕਰਕੇ ਉਹ ਖਫ਼ਾ ਰਹਿੰਦਾ ਸੀ।
ਅੱਜ ਸਵੇਰੇ 7 ਵਜੇ ਹਰਪਾਲ ਸਿੰਘ ਨੇ ਕਹੀ ਮਾਰਕੇ ਚਮਨਪ੍ਰੀਤ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਵਿਚ ਹਾਹਾ ਕਾਰ ਮੱਚ ਗਈ । ਘਟਨਾ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜ ਗਈ । ਪੁਲਸ ਵੱਲੋਂ ਲੜਕੀ ਦੀ ਮਾਂ ਜਸਵਿੰਦਰ ਕੌਰ ਦੇ ਬਿਆਨਾਂ 'ਤੇ ਉਸਦੇ ਪਿਤਾ ਹਰਪਾਲ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।ਮ੍ਰਿਤਕ ਦਾ ਪੋਸਟ ਮਾਰਟਮ ਕਰਾਉਣ ਲਈ ਲਾਸ਼ ਸਰਕਾਰੀ ਹਸਪਤਾਲ ਭੇਜ ਦਿੱਤੀ। ਉਧਰ ਜਾਣਕਾਰਾਂ ਦੱਸਿਆ ਕਿ ਪਰਿਵਾਰ ਕੋਲ ਚੰਗੀ ਜ਼ਮੀਨ ਅਤੇ ਖਾਂਦਾ ਪੀਂਦਾ ਪਰਿਵਾਰ ਸੀ। ਲੜਕੀ ਪੜ੍ਹਨ ਅਤੇ ਖੇਡਣ ਵਿਚ ਹੁਸ਼ਿਆਰ ਸੀ ਅਤੇ ਸਭ ਨੂੰ ਲੱਗਦਾ ਸੀ ਕਿ ਲੜਕੀ ਪੜ੍ਹ ਲਿਖ ਕਿ ਚੰਗਾ ਨਾਮ ਕਮਾਏਗੀ ਪਰ ਪਿਤਾ ਦੀ ਪੱਛੜੀ ਸੋਚ ਕਰਕੇ ਇਹ ਘਟਨਾ ਵਾਪਰੀ।
