ਚਾਲੂ ਭੱਠੀ, ਲਾਹਣ ਅਤੇ ਹਰਿਆਣਾ ਸ਼ਰਾਬ ਸਣੇ 3 ਗ੍ਰਿਫ਼ਤਾਰ, 3 ਫਰਾਰ

Friday, Sep 08, 2017 - 02:41 AM (IST)

ਚਾਲੂ ਭੱਠੀ, ਲਾਹਣ ਅਤੇ ਹਰਿਆਣਾ ਸ਼ਰਾਬ ਸਣੇ 3 ਗ੍ਰਿਫ਼ਤਾਰ, 3 ਫਰਾਰ

ਬਠਿੰਡਾ(ਸੁਖਵਿੰਦਰ)-ਜ਼ਿਲਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਚਾਲੂ ਭੱਠੀ, ਲਾਹਣ ਅਤੇ ਹਰਿਆਣਾ ਸ਼ਰਾਬ ਬਰਾਮਦ ਕਰ ਕੇ 6 ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 3 ਪੁਲਸ ਦੇ ਹੱਥ ਨਹੀਂ ਲੱਗ ਸਕੇ। ਜਾਣਕਾਰੀ ਅਨੁਸਾਰ ਥਾਣਾ ਥਰਮਲ ਪੁਲਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਸਹਾਇਕ ਥਾਣੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਸਿਵੀਆ ਰੋਡ 'ਤੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਵੱਲੋਂ ਮੋਟਰਸਾਈਕਲ ਸਵਾਰ ਲਖਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਆਕਲੀਆਂ ਕਲਾਂ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 39 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਕ ਹੋਰ ਮਾਮਲੇ 'ਚ ਸਦਰ ਪੁਲਸ ਦੇ ਹੌਲਦਾਰ ਭੋਲਾ ਸਿੰਘ ਨੇ ਬੀੜ ਤਲਾਬ ਤੋਂ ਕਰਨੈਲ ਸਿੰਘ ਦੇ ਟਿਕਾਣੇ ਤੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਇਸੇ ਥਾਣੇ ਦੇ ਹੌਲਦਾਰ ਰਣਧੀਰ ਸਿੰਘ ਵੱਲੋਂ ਬੀੜ ਤਲਾਬ ਵਿਖੇ ਹਰਮੇਲ ਸਿੰਘ ਦੇ ਟਿਕਾਣੇ 'ਤੇ ਛਾਪੇਮਾਰੀ ਕਰ ਕੇ ਇਕ ਚਾਲੂ ਭੱਠੀ ਬਰਾਮਦ ਕੀਤੀ। ਪੁਲਸ ਨੇ ਮੌਕੇ ਤੋਂ 200 ਲਿਟਰ ਲਾਹਣ ਅਤੇ 9 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਵੀ ਬਰਾਮਦ ਕੀਤੀਆਂ ਹਨ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਸਦਰ ਪੁਲਸ ਵੱਲੋਂ ਬੀੜ ਤਲਾਬ ਤੋਂ ਮਹਿੰਦਰ ਸਿੰਘ ਦੇ ਟਿਕਾਣੇ ਤੋਂ 400 ਲਿਟਰ ਲਾਹਣ ਬਰਾਮਦ ਕੀਤੀ ਗਈ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਇਸ ਤੋਂ ਇਲਾਵਾ ਥਾਣਾ ਕੋਟਫੱਤਾ ਪੁਲਸ ਨੇ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 13 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News