ਮਾਲ ਦੇ ਮੁਲਾਜ਼ਮਾਂ ਨਾਲ ਵਿਵਾਦ ਤੋਂ ਬਾਅਦ ਬੰਬ ਦੀ ਅਫਵਾਹ ਫੈਲਾਉਣ ਦੀ ਕੋਸ਼ਿਸ਼ 3 ਵਿਦਿਆਰਥੀ ਗ੍ਰਿਫਤਾਰ

Saturday, Sep 02, 2017 - 03:43 AM (IST)

ਬਠਿੰਡਾ(ਸੁਖਵਿੰਦਰ)-ਬਠਿੰਡਾ ਦੇ ਸਿਵਲ ਲਾਈਨਸ ਸਥਿਤ ਸਿਟੀ ਸੈਂਟਰ ਵਿਚ ਮੁਲਾਜ਼ਮਾਂ ਨਾਲ ਹੋਏ ਵਿਵਾਦ ਤੋਂ ਬਾਅਦ ਬਾਹਰ ਆ ਕੇ ਮਾਲ ਵਿਚ ਬੰਬ ਹੋਣ ਦੀ ਅਫਵਾਹ ਫੈਲਾਉਣ ਵਾਲੇ 3 ਵਿਦਿਆਰਥੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਬਾਅਦ 'ਚ ਲਿਖਤੀ ਮੁਆਫੀ ਮੰਗਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਉਕਤ ਵਿਦਿਆਰਥੀਆਂ ਵੱਲੋਂ ਅਫਵਾਹ ਉਡਾਉਣ 'ਤੇ ਮਾਲ ਦੇ ਬਾਹਰ ਹੰਗਾਮਾ ਹੋ ਗਿਆ। ਪੁਲਸ ਨੇ ਜਾਂਚ ਕੀਤੀ ਤਾਂ ਮਾਮਲੇ ਦੀ ਅਸਲੀਅਤ ਸਾਹਮਣੇ ਆਈ। ਜਾਣਕਾਰੀ ਅਨੁਸਾਰ ਕੁਝ ਵਿਦਿਆਰਥੀ ਸਿਟੀ ਸੈਂਟਰ 'ਚ ਫਿਲਮ ਦੇਖਣ ਲਈ ਗਏ ਸਨ। ਉਥੇ ਵਿਦਿਆਰਥੀ ਸੁਖਪ੍ਰੀਤ ਸਿੰਘ, ਲਖਵੀਰ ਸਿੰਘ, ਮੰਗਾ ਸਿੰਘ ਆਦਿ ਦਾ ਮਾਲ ਦੇ ਕੁਝ ਮੁਲਾਜ਼ਮਾਂ ਨਾਲ ਵਿਵਾਦ ਹੋ ਗਿਆ। ਇਸ 'ਤੇ ਉਕਤ ਵਿਦਿਆਰਥੀਆਂ ਨੇ ਸਿਟੀ ਸੈਂਟਰ ਦੇ ਬਾਹਰ ਆ ਕੇ ਅੰਦਰ ਬੰਬ ਹੋਣ ਦੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਲੋਕ ਇਕੱਠੇ ਹੋ ਗਏ ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਤੁਰੰਤ ਜਾਂਚ ਕੀਤੀ ਤਾਂ ਉਕਤ ਮਾਮਲੇ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਉਕਤ ਤਿੰਨਾਂ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ। ਉਕਤ ਵਿਦਿਆਰਥੀਆਂ ਨੇ ਦੱਸਿਆ ਕਿ ਮਾਲ ਦੇ ਮੁਲਾਜ਼ਮਾਂ ਨਾਲ ਕੁਝ ਵਿਵਾਦ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਨੇ ਸਬਕ ਸਿਖਾਉਣ ਲਈ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਤਿੰਨਾਂ ਨੇ ਲਿਖਤੀ ਮੁਆਫੀ ਮੰਗ ਕੇ ਆਪਣਾ ਖਹਿੜਾ ਛੁਡਾਇਆ।
 


Related News