10 ਸਾਲਾ ਬੱਚੇ ਕੋਲੋਂ ਕਰਵਾਈ ਜਾਂਦੀ ਸੀ ਸਮੱਗਲਿੰਗ

Tuesday, Jul 11, 2017 - 03:38 AM (IST)

10 ਸਾਲਾ ਬੱਚੇ ਕੋਲੋਂ ਕਰਵਾਈ ਜਾਂਦੀ ਸੀ ਸਮੱਗਲਿੰਗ

ਖੰਨਾ(ਸੁਨੀਲ)- ਬੀਤੇ ਦਿਨੀਂ ਪੁਲਸ ਵਲੋਂ ਇਕ ਮਹਿਲਾ ਜਿਸ ਨੇ ਆਪਣੀ ਚੱਪਲ 'ਚ ਅਫ਼ੀਮ ਲੁਕਾਈ ਹੋਈ ਸੀ, ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ਮਗਰੋਂ ਜਦੋਂ ਉਸ ਕੋਲੋਂ ਪੁੱਛ-ਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਅਫ਼ੀਮ ਲਿਆਉਣ ਲਈ ਇਕ 10 ਸਾਲਾ ਬੱਚੇ ਦਾ ਇਸਤੇਮਾਲ ਕਰਦੀ ਹੈ ਅਤੇ ਇਸਦੇ ਬਦਲੇ ਉਸਨੂੰ ਮੋਟੀ ਰਕਮ ਦਿੱਤੀ ਜਾਂਦੀ ਸੀ। ਇਸ ਸਬੰਧੀ ਸਿਟੀ ਐੱਸ. ਐੱਚ. ਓ. ਜਗਦੀਸ਼ ਰਾਜ ਨੇ ਦੱਸਿਆ ਕਿ ਪੁਲਸ ਵਲੋਂ ਜਦੋਂ ਕਥਿਤ ਮਹਿਲਾ ਦੋਸ਼ੀ ਕਮਲਜੀਤ ਕੌਰ ਪਤਨੀ ਦਿਲਬਾਰਾ ਸਿੰਘ ਵਾਸੀ ਪਿੰਡ ਰੌਣੀ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਇਸ ਕੰਮ ਲਈ ਇਕ ਛੋਟੇ ਬੱਚੇ ਨੂੰ ਸ਼ਾਮਲ ਕਰਕੇ ਉਸ ਤੋਂ ਅਫ਼ੀਮ ਮੰਗਵਾਉਂਦੀ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਕਮਲਜੀਤ ਤੋਂ ਮਿਲੀ ਜਾਣਕਾਰੀ ਦੇ ਮਗਰੋਂ ਥਾਣੇਦਾਰ ਪ੍ਰਮੋਦ ਕੁਮਾਰ ਨੇ ਜਦੋਂ ਉਸਦੇ ਘਰ ਰੇਡ ਕੀਤੀ ਤਾਂ ਸੋਨੂੰ (10) ਪੁੱਤਰ ਨੰਦ ਲਾਲ ਵਾਸੀ ਜੁਆਨ ਬਰੇਲੀ ਪੁਲਸ ਨੂੰ ਮਿਲਿਆ, ਜਿਸ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਪੁਲਸ ਨੂੰ ਦੱਸਿਆ ਕਿ ਉਹ ਇਸ ਤੋਂ ਪਹਿਲਾਂ 300 ਗ੍ਰਾਮ ਅਫ਼ੀਮ ਦਿੱਲੀ ਤੋਂ ਲਿਆਇਆ ਸੀ ਅਤੇ ਹੁਣ ਵੀ 350 ਗ੍ਰਾਮ ਅਫ਼ੀਮ ਕਮਲਜੀਤ ਕੌਰ ਦੇ ਕਹਿਣ 'ਤੇ ਦਿੱਲੀ ਤੋਂ ਹੀ ਲਿਆਇਆ ਸੀ। ਉਸਨੇ ਦੱਸਿਆ ਕਿ ਉਸਨੂੰ ਇਸ ਕੰਮ ਦੇ ਬਦਲੇ ਕਾਫੀ ਮੋਟੀ ਰਕਮ ਦਿੱਤੀ ਜਾਂਦੀ ਸੀ। ਐੱਸ. ਐੱਚ .ਓ. ਜਗਦੀਸ਼ ਰਾਜ ਨੇ ਦੱਸਿਆ ਕਿ ਬੱਚਾ ਹੋਣ ਕਾਰਨ ਕੋਈ ਵੀ ਉਸ 'ਤੇ ਸ਼ੱਕ ਨਹੀਂ ਕਰਦਾ ਸੀ ਅਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਉਹ ਇਸ ਮਾੜੇ ਧੰਦੇ 'ਚ ਪੈ ਗਿਆ। ਪੁਲਸ ਵਲੋਂ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਦੇ ਮਗਰੋਂ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।


Related News