ਛੁੱਟੀ ਕੱਟਣ ਆਏ ਫ਼ੌਜੀ ਨੇ ਨਾਲ ਲਿਆਂਦਾ 'ਨਸ਼ਾ', ਭਰਾ ਨਾਲ ਡਿਲਿਵਰੀ ਦੇਣ ਆਇਆ ਫੜ੍ਹਿਆ ਗਿਆ
Thursday, Apr 15, 2021 - 12:47 PM (IST)
ਲੁਧਿਆਣਾ (ਰਿਸ਼ੀ) : ਵੱਡੇ ਭਰਾ ਨਾਲ ਕਰਤਾਰਪੁਰ ਤੋਂ ਨਸ਼ੇ ਦੀ ਡਿਲਿਵਰੀ ਦੇਣ ਸ਼ਹਿਰ ’ਚ ਆਏ ਭਾਰਤੀ ਫ਼ੌਜ ਦੇ ਨਾਇਕ ਨੂੰ ਸੀ. ਆਈ. ਏ.-1 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੋਵੇਂ ਭਰਾਵਾਂ ਸਮੇਤ ਅਫੀਮ ਖਰੀਦਣ ਆਏ ਤੀਜੇ ਵਿਅਕਤੀ ਨੂੰ ਦਬੋਚ ਕੇ ਥਾਣਾ ਸਰਾਭਾ ਨਗਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ 2 ਕਿੱਲੋ ਅਫੀਮ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚੋਂ ਜ਼ਮੀਨ ਵੇਚ ਕੇ 'ਅਮਰੀਕਾ' ਪੁੱਜੇ ਸ਼ਖਸ ਨਾਲ ਜੋ ਹੋਇਆ, ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ
ਉਕਤ ਜਾਣਕਾਰੀ ਏ. ਸੀ. ਪੀ. ਕ੍ਰਾਈਮ ਮਨਦੀਪ ਸਿੰਘ, ਸੀ. ਆਈ. ਏ.-1 ਮੁਖੀ ਐੱਸ. ਆਈ. ਅਵਤਾਰ ਸਿੰਘ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਫ਼ੌਜ ਦੇ ਨਾਇਕ ਧਮਿੰਦਰ ਕੁਮਾਰ (33) ਉਸ ਦੇ ਵੱਡੇ ਭਰਾ ਰਵੀਪਾਲ (36) ਨਿਵਾਸੀ ਕਰਤਾਰਪੁਰ, ਜਲੰਧਰ ਅਤੇ ਮੋਟਰਸਾਈਕਲ ’ਤੇ ਡਿਲਿਵਰੀ ਲੈਣ ਆਏ ਰਮਨਦੀਪ ਸਿੰਘ (32) ਨਿਵਾਸੀ ਮੁੱਲਾਂਪੁਰ ਵਜੋਂ ਹੋਈ ਹੈ। ਪੁਲਸ ਨੇ ਸਾਰਿਆਂ ਨੂੰ ਮੰਗਲਵਾਰ ਨੂੰ ਸੂਚਨਾ ਦੇ ਆਧਾਰ ’ਤੇ ਪਿੰਡ ਝੱਮਟ ਤੋਂ ਦਬੋਚਿਆ ਹੈ।
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਧਮਿੰਦਰ 14 ਸਾਲ ਤੋਂ ਫ਼ੌਜ ’ਚ ਨੌਕਰੀ ਕਰ ਰਿਹਾ ਹੈ ਅਤੇ ਮਨੀਪੁਰ ਵਿਚ ਤਾਇਨਾਤ ਹੈ। ਬੀਤੀ 5 ਅਪ੍ਰੈਲ ਨੂੰ 1 ਮਹੀਨੇ ਦੀ ਛੁੱਟੀ ’ਤੇ ਆਇਆ ਸੀ। ਵਾਪਸ ਆਉਂਦੇ ਸਮੇਂ 90 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਅਫੀਮ ਖਰੀਦ ਲਿਆਇਆ, ਜਿਸ ਨੂੰ ਹੁਣ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚ ਕੇ ਮੁਨਾਫ਼ਾ ਕਮਾਉਣਾ ਸੀ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ, ਫ਼ੈਸਲਾ ਅੱਜ
ਮੁਲਜ਼ਮ ਪਹਿਲਾਂ ਟਰੇਨ ’ਚ ਆਪਣੇ ਘਰ ਗਿਆ ਅਤੇ ਫੋਨ ’ਤੇ ਮੁੱਲਾਂਪੁਰ ਦੇ ਰਹਿਣ ਵਾਲੇ ਜਸਵੰਤ ਸਿੰਘ ਨਾਲ ਸੌਦਾ ਕਰ ਲਿਆ, ਜਿਸ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਭਰਾ ਨਾਲ ਛੋਟੇ ਹਾਥੀ ਵਿਚ ਡਲਿਵਰੀ ਦੇਣ ਆ ਗਿਆ, ਜਦੋਂ ਕਿ ਜਸਵੰਤ ਨੇ 5 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਬਾਈਕ ’ਤੇ ਰਮਨਦੀਪ ਸਿੰਘ ਨੂੰ ਭੇਜ ਦਿੱਤਾ, ਜਿਸ ਨੂੰ ਪੁਲਸ ਨੇ ਦਬੋਚ ਲਿਆ ਅਤੇ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਮੁਤਾਬਕ ਜਸਵੰਤ ਦੀ ਭਾਲ ਵਿਚ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ