ਪੰਜਾਬ ''ਚ ਅਸਲਾ ਲਾਇਸੈਂਸ ਵਾਲਿਆਂ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ
Sunday, Dec 14, 2025 - 03:37 PM (IST)
ਲੁਧਿਆਣਾ (ਰਾਜ) : ਸ਼ਹਿਰ ’ਚ ਵਧਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਹਥਿਆਰ ਲਾਇਸੈਂਸਧਾਰਕਾਂ ’ਤੇ ਸਖ਼ਤ ਰੁਖ ਅਪਣਾਇਆ ਹੈ। ਬੀਤੇ 6 ਮਹੀਨਿਆਂ ਦੌਰਾਨ ਸ਼ਹਿਰੀ ਪੁਲਸ ਨੇ 85 ਗੰਨ ਲਾਇਸੈਂਸ ਰੱਦ ਕਰ ਦਿੱਤੇ ਹਨ, ਜਦੋਂਕਿ 10 ਹੋਰ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਹ ਕਾਰਵਾਈ ਨਾਜਾਇਜ਼ ਦੇ ਨਾਲ-ਨਾਲ ਜਾਇਜ਼ ਹਥਿਆਰਾਂ ਦੀ ਦੁਰਵਰਤੋਂ ’ਤੇ ਰੋਕ ਲਾਉਣ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਹਾਲ ਹੀ ’ਚ ਇਕ ਵਿਆਹ ਸਮਾਗਮ ਦੌਰਾਨ 2 ਧਿਰਾਂ ਵਿਚਾਲੇ ਹੋਈ ਫਾਇਰਿੰਗ ’ਚ 2 ਨਿਰਦੋਸ਼ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਲਾਇਸੈਂਸੀ ਹਥਿਆਰ ਦੀ ਵਰਤੋਂ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਸ ਨੇ ਪੂਰੇ ਸ਼ਹਿਰ ’ਚ ਹਥਿਆਰ ਲਾਇਸੈਂਸਾਂ ਦੀ ਸਮੀਖਿਆ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਚੋਣਾਂ ਦੇ ਮਾਹੌਲ ਵਿਚਾਲੇ ਪੰਜਾਬ 'ਚ ਵੱਡੀ ਵਾਰਦਾਤ, ਉਘੇ ਕਬੱਡੀ ਖਿਡਾਰੀ ਨੂੰ ਮਾਰੀ ਗੋਲ਼ੀ
ਲਾਇਸੈਂਸੀ ਹਥਿਆਰ ਨਾਲ ਹੋਈ ਫਾਇਰਿੰਗ
ਪੁਲਸ ਮੁਤਾਬਕ ਇਹ ਘਟਨਾ ਅੰਕੁਰ ਧਿਰ ਅਤੇ ਸ਼ੁਭਮ ਅਰੋੜਾ ਉਰਫ ਸ਼ੁਭਮ ਮੋਟਾ ਧਿਰ ਵਿਚਾਲੇ ਹੋਈ ਸੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਅੰਕੁਰ ਨੇ ਆਪਣੇ ਦੋਸਤ ਡਾਵਰ ਦੇ ਨਾਂ ’ਤੇ ਰਜਿਸਟਰਡ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ, ਜਦੋਂਕਿ ਸ਼ੁਭਮ ਮੋਟਾ ਅਤੇ ਉਸ ਦੇ ਸਾਰੇ ਸਾਥੀ ਅਜੇ ਫਰਾਰ ਹਨ। ਪੁਲਸ ਨੂੰ ਸ਼ੱਕ ਹੈ ਕਿ ਦੂਜੀ ਧਿਰ ਨੇ ਵੀ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ ਹੋ ਸਕਦੀ ਹੈ, ਜਿਸ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ 15 ਦਸੰਬਰ ਦੀ ਛੁੱਟੀ ! ਉਠੀ ਮੰਗ
ਹਰ ਆਰਮ ਲਾਇਸੈਂਸ ਦੀ 3 ਮਹੀਨੇ ’ਚ ਹੋਵੇਗੀ ਜਾਂਚ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹੁਣ ਸ਼ਹਿਰ ’ਚ ਹਰ 3 ਮਹੀਨੇ ’ਚ ਹਥਿਆਰ ਲਾਇਸੈਂਸਾਂ ਦੀ ਨਿਯਮਾਂ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਕੋਲ ਹਥਿਆਰ ਰੱਖਣ ਦਾ ਸਪੱਸ਼ਟ ਅਤੇ ਵੈਦ ਕਾਰਨ ਨਹੀਂ ਪਾਇਆ ਗਿਆ, ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਤਹਿਤ ਹੁਣ ਤੱਕ 85 ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ ਅਤੇ 10 ਹੋਰਨਾਂ ਮਾਮਲਿਆਂ ’ਚ ਕਾਰਵਾਈ ਆਖਰੀ ਪੜਾਅ ’ਚ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਕਲੋਨੀਆਂ 'ਤੇ ਹੋਵੇਗੀ ਕਾਰਵਾਈ, ਸਰਕਾਰ ਨੇ ਜਾਰੀ ਕੀਤੇ ਹੁਕਮ
ਨਿਯਮ ਤੋੜਨ ਵਾਲਿਆਂ ’ਤੇ ਕਾਰਵਾਈ
ਪੁਲਸ ਮੁਤਾਬਕ ਨਿਯਮਾਂ ਤਹਿਤ ਲਾਇਸੈਂਸੀ ਹਥਿਆਰ ਦਾ ਪ੍ਰਦਰਸ਼ਨ ਕਰਨਾ ਚਾਹੇ ਜਨਤਕ ਸਥਾਨ ਹੋਵੇ ਜਾਂ ਸੋਸ਼ਲ ਮੀਡੀਆ, ਪਾਬੰਦੀਸ਼ੁਦਾ ਹੈ। ਬਿਨਾਂ ਕਿਸੇ ਗੰਭੀਰ ਖਤਰੇ ਦੇ ਫਾਇਰਿੰਗ ਕਰਨਾ ਵੀ ਅਪਰਾਧ ਹੈ। ਆਤਮ ਰੱਖਿਆ ’ਚ ਗੋਲੀ ਚਲਾਉਣ ਦੀ ਸਥਿਤੀ ’ਚ ਪੁਲਸ ਨੂੰ ਸੂਚਨਾ ਦੇਣਾ ਅਤੇ ਖਾਲੀ ਕਾਰਤੂਸ ਜਮ੍ਹਾ ਕਰਵਾਉਣਾ ਜ਼ਰੂਰੀ ਹੈ। ਪੁਲਸ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਉਨ੍ਹਾਂ ’ਚ ਹਥਿਆਰ ਦਾ ਪ੍ਰਦਰਸ਼ਨ ਕਰਨ ਵਾਲੇ ਅਤੇ ਬਿਨਾਂ ਕਾਰਨ ਫਾਇਰਿੰਗ ਕਰਨ ਵਾਲੇ ਦੋਵੇਂ ਸ਼ਾਮਲ ਹਨ। ਪੁਲਸ ਦੀ ਇਸ ਸਖਤੀ ਨੂੰ ਸ਼ਹਿਰ ’ਚ ਕਾਨੂੰਨ ਵਿਵਸਥਾ ਸੁਧਾਰਨ ਦੀ ਦਿਸ਼ਾ ’ਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ 'ਤੇ ਹੋਣ ਜਾ ਰਹੀ ਵੱਡੀ ਕਾਰਵਾਈ, FIR ਦਰਜ ਕਰਨ ਦੀ ਸਿਫਾਰਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
