ਅੰਮ੍ਰਿਤਸਰ ਦੇ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੇ ਮਾਡਲ ਨੂੰ ਮਿਲੀ ਮਨਜ਼ੂਰੀ

07/24/2017 4:50:24 AM

ਅੰਮ੍ਰਿਤਸਰ,   (ਮਹਿੰਦਰ,ਕਮਲ)-  ਰਾਜ ਸਭਾ ਤੋਂ ਸੰਸਦ ਮੈਂਬਰ ਸ਼ਵੇਤ ਮਲਿਕ ਦੀਆਂ ਕੋਸ਼ਿਸ਼ਾਂ ਸਦਕਾ ਅੰਮ੍ਰਿਤਸਰ ਦਾ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਨ ਦਾ ਸੁਪਨਾ ਸਾਕਾਰ ਹੁੰਦਾ ਦਿਖਾਈ ਦੇ ਰਿਹਾ ਹੈ। ਰਾਜ ਸਭਾ ਦੇ ਸੰਸਦ ਮੈਂਬਰ ਬਣਨ ਉਪਰੰਤ ਸਮੇਂ-ਸਮੇਂ 'ਤੇ ਸੰਸਦ ਦੇ ਅੰਦਰ ਅਤੇ ਬਾਹਰ ਉਨ੍ਹਾਂ ਵਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਹੀ ਨਹੀਂ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਇਸ ਮੁੱਦੇ 'ਤੇ ਸ਼ਵੇਤ ਮਲਿਕ ਕਈ ਵਾਰ ਬੈਠਕਾਂ ਵੀ ਕਰ ਚੁੱਕੇ ਹਨ ਜਿਸ ਦੇ ਤਹਿਤ ਮਲਿਕ ਨੇ ਹਾਲ ਹੀ 'ਚ ਰੇਲਵੇ ਬੋਰਡ ਦੇ ਰਾਸ਼ਟਰ ਪੱਧਰੀ ਅਧਿਕਾਰੀਆਂ ਦੀ ਮਹੱਤਵਪੂਰਨ ਬੈਠਕ ਬੁਲਾਈ ਗਈ। ਇਸ ਮੁੱਦੇ 'ਤੇ ਇਹ ਪੰਜਵੀਂ ਬੈਠਕ ਸੀ ਇਸ 'ਚ ਉਤਰੀ ਰੇਲਵੇ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਲ -ਨਾਲ ਅੰਤਰਰਾਸ਼ਟਰੀ ਪੱਧਰ ਦੇ ਕਈ ਆਰਕੀਟੈਕਟ ਮੌਜੂਦ ਸਨ। ਇਸ ਮੌਕੇ ਅੰਮ੍ਰਿਤਸਰ 'ਚ ਬਣਾਏ ਜਾਣ ਵਾਲੇ ਰੇਲਵੇ ਸਟੇਸ਼ਨ ਦਾ ਮਾਡਲ ਵੀ ਪੇਸ਼ ਕੀਤਾ ਗਿਆ। ਜਿਸ ਨੂੰ ਬੈਠਕ 'ਚ ਪੂਰੀ ਤਰ੍ਹਾਂ ਨਾਲ ਮਨਜ਼ੂਰੀ ਦਿੱਤੀ ਗਈ।
ਇਸ ਸਬੰਧ 'ਚ ਮਲਿਕ ਨੇ ਕਿਹਾ ਕਿ ਅੰਮ੍ਰਿਤਸਰ 'ਚ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਉਣ ਸਬੰਧੀ ਮਾਡਲ ਤਾਂ ਤਿਆਰ ਹੋ ਚੁੱਕਾ ਹੈ ਤੇ ਹੁਣ ਯੋਜਨਾ ਕਮਿਸ਼ਨ ਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਮਨਜ਼ੂਰੀ ਪ੍ਰਦਾਨ ਹੁੰਦਿਆਂ ਹੀ ਇਸ ਪ੍ਰਾਜੈਕਟ 'ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ।  ਸੰਸਦ ਮੈਂਬਰ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਦਿਮਾਗ 'ਚ ਅਕਸਰ ਇਹੀ ਗੱਲ ਘੁੰਮਦੀ ਸੀ ਕਿ ਅੰਮ੍ਰਿਤਸਰ ਜੇਕਰ ਵਿਸ਼ਵ ਪੱਧਰੀ ਸਿਟੀ ਹੈ ਤਾਂ ਇਥੋਂ ਦਾ ਰੇਲਵੇ ਸਟੇਸ਼ਨ ਵਿਸ਼ਵ ਪੱਧਰੀ ਕਿਉਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ  ਗੱਲ ਹੈ ਕਿ ਆਜ਼ਾਦੀ ਦੇ ਬਾਅਦ ਹੁਣ ਤਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਹਾਲਤ ਜਿਉਂ ਦੀ ਤਿਉਂ ਚੱਲੀ ਆ ਰਹੀ ਸੀ, ਜਿਸ ਵੱਲ ਕਿਸੇ ਵੀ ਸੰਸਦ ਮੈਂਬਰ ਨੇ ਧਿਆਨ ਨਹੀਂ ਦਿੱਤਾ ਸੀ। ਉਨ੍ਹਾਂ ਦਾ ਇਹ ਸੁਪਨਾ ਸੀ ਕਿ ਅੰਮ੍ਰਿਤਸਰ 'ਚ ਅਜਿਹਾ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣੇ ਜਿਥੇ ਏਅਰਪੋਰਟ ਦੀ ਤਰ੍ਹਾਂ ਯਾਤਰੀਆਂ ਤੇ ਸੈਲਾਨੀਆਂ ਨੂੰ ਸੁਵਿਧਾਵਾਂ ਮੁਹੱਈਆ ਹੋਣ।  ਉਨ੍ਹਾਂ ਦੇ ਸੁਝਾਅ 'ਤੇ ਰੇਲ ਮੰਤਰੀ ਸੁਰੇਸ਼ ਪ੍ਰਭੂ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਐਲਾਨੇ ਗਏ ਵਿਸ਼ਵ ਪੱਧਰੀ ਕੁਲ 6 ਰੇਲਵੇ ਸਟੇਸ਼ਨਾਂ 'ਚ ਅੰਮ੍ਰਿਤਸਰ ਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ ਨੂੰ ਵੀ ਸੂਚੀ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ। 


Related News