ਦੁਸ਼ਕਰਮ ਕਰਨ ਵਾਲੇ ਦੀ ਭੈਣ ਨੂੰ ਮਿਲੀ ਅਗਾਊਂ ਜ਼ਮਾਨਤ
Friday, Jan 26, 2018 - 01:51 AM (IST)
ਰੂਪਨਗਰ, (ਕੈਲਾਸ਼)- ਇਕ ਨੌਜਵਾਨ ਵੱਲੋਂ ਲੜਕੀ ਨਾਲ ਦੁਸ਼ਕਰਮ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਲੜਕੀ ਦੇ ਪਿਤਾ ਨੂੰ ਬਲੈਕਮੇਲ ਕਰਨ ਦੇ ਦੋਸ਼ 'ਚ ਨਾਮਜ਼ਦ ਕੀਤੀ ਗਈ ਲੜਕੇ ਦੀ ਭੈਣ ਨੂੰ ਸਬੂਤਾਂ ਦੀ ਘਾਟ ਕਰ ਕੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਵੱਲੋਂ ਅਗਾਊਂ (ਐਂਟੀਸਪੇਟਰੀ ਬੇਲ) ਜ਼ਮਾਨਤ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਨੀਸ਼ ਆਹੂਜਾ ਐਡਵੋਕੇਟ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਨੇ ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੇ ਹੀ ਬਚਿੱਤਰ ਸਿੰਘ ਪੁੱਤਰ ਚੇਤ ਰਾਮ ਨੇ ਉਸ ਦੀ ਲੜਕੀ ਨਾਲ ਪਹਿਲਾਂ ਗੱਲਬਾਤ ਸ਼ੁਰੂ ਕੀਤੀ। ਬਾਅਦ 'ਚ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਸ੍ਰੀ ਚਮਕੌਰ ਸਾਹਿਬ ਵੱਲੋਂ ਇਸ ਮਾਮਲੇ 'ਚ ਬਚਿੱਤਰ ਸਿੰਘ ਉਸ ਦੀ ਭੈਣ ਮਨਜੀਤ ਕੌਰ, ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਇਕ ਸਮਾਜ ਸੇਵੀ ਕਮਲਜੀਤ ਕੌਰ ਵਿਰੁੱਧ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ।
ਅਦਾਲਤ 'ਚ ਮਾਮਲੇ ਦੀ ਸੁਣਵਾਈ ਦੌਰਾਨ ਲੜਕੀ ਨੇ ਲੜਕੇ 'ਤੇ ਦੁਸ਼ਕਰਮ ਕਰਨ ਦਾ ਦੋਸ਼ ਵੀ ਲਾਇਆ। ਬਾਅਦ 'ਚ ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਉਕਤ ਮੁਲਜ਼ਮਾਂ 'ਤੇ ਦੁਸ਼ਕਰਮ ਦਾ ਮਾਮਲਾ ਵੀ ਦਰਜ ਕੀਤਾ ਗਿਆ। ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੇ ਨੇ ਬਲੈਕਮੇਲਿੰਗ ਕਰਨ ਦੌਰਾਨ ਉਸ ਤੋਂ 1 ਲੱਖ ਰੁਪਏ ਵਸੂਲ ਕਰ ਲਏ ਸਨ ਅਤੇ 40 ਹਜ਼ਾਰ ਰੁ. ਦੀ ਹੋਰ ਮੰਗ ਕਰ ਰਿਹਾ ਸੀ। ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਸਬੂਤਾਂ ਦੀ ਘਾਟ ਕਰ ਕੇ ਮਾਣਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸੁਨੀਤਾ ਕੁਮਾਰੀ ਸ਼ਰਮਾ ਨੇ ਅੱਜ ਲੜਕੇ ਦੀ ਭੈਣ ਮਨਜੀਤ ਕੌਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ, ਜਦੋਂਕਿ ਲੜਕੇ ਦੀ ਮਾਤਾ ਸੁਰਿੰਦਰ ਕੌਰ ਅਤੇ ਸਮਾਜ ਸੇਵੀ ਕਮਲਜੀਤ ਕੌਰ ਦੀ ਅਗਾਊਂ ਜ਼ਮਾਨਤ ਪਹਿਲਾਂ ਹੀ ਮਨਜ਼ੂਰ ਕੀਤੀ ਹੋਈ ਹੈ।
