ਤ੍ਰਿਪਤ ਬਾਜਵਾ ਨੂੰ ਬਰਖਾਸਤ ਕਰ ਕੇ ਦਰਜ ਹੋਵੇ ਦੇਸ਼ਧ੍ਰੋਹੀ ਦਾ ਪਰਚਾ : ਕਾਹਲੋਂ
Sunday, Aug 26, 2018 - 06:56 AM (IST)
ਅੰਮ੍ਰਿਤਸਰ, (ਛੀਨਾ)- ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਦੇਸ਼ ਨੂੰ ਤੋੜਣ ਵਾਲਿਆਂ ਨਾਲ ਮਿਲੇ ਹੋਣ ਦਾ ਗੰਭੀਰ ਦੋਸ਼ ਲਾਉਂਦਿਆਂ ਉਸ ਨੂੰ ਤਮਾਮ ਅਹੁਦਿਆਂ ਤੋਂ ਬਰਖਾਸਤ ਕਰ ਕੇ ਦੇਸ਼ਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਸ. ਕਾਹਲੋਂ ਨੇ ਸਵਾਲਾਂ ਦੀ ਬੁਛਾੜ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਪੁੱਛਿਆ ਕਿ ਕੀ ਭਾਰਤ ਦੇ ਟੋਟੇ ਕਰਨ ਦੀ ਮੰਗ ਕਰਨ ਵਾਲੇ ਸਿੱਖ ਫਾਰ ਜਸਟਿਸ ਦੇ ਮਾਸਟਰ ਮਾਈਂਡ ਅਵਤਾਰ ਸਿੰਘ ਪੰਨੂੰ ਨਾਲ ਉਨ੍ਹਾਂ ਦੀ ਗਹਿਰੀ ਸਾਂਝ ਨਹੀਂ ਹੈ? ਉਨ੍ਹਾਂ ਤ੍ਰਿਪਤ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਅਵਤਾਰ ਸਿੰਘ ਪੰਨੂੰ ਦਾ ਭਰਾ ਬਲਵਿੰਦਰ ਸਿੰਘ ਬਿੱਲਾ ਵਾਸੀ ਕੋਟਲਾ ਬਾਮਾ ਹਲਕਾ ਫਤਿਹਗੜ੍ਹ ਚੂੜੀਆਂ ਜੋ ਕਿ ਜ਼ਿਲਾ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਅਤੇ ਬਟਾਲਾ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਰਿਹਾ, ਉਹ ਤੁਹਾਡਾ ਸੱਜਾ ਹੱਥ ਨਹੀਂ ਹੈ? ਕੀ ਤੁਹਾਡੀ ਤੇ ਦੇਸ਼ ਤੋੜਣ ਸਬੰਧੀ ਬਲੈਕ ਲਿਸਟਿਡ ਅਵਤਾਰ ਸਿੰਘ ਪੰਨੂੰ ਦੀਆਂ ਮੀਟਿੰਗਾਂ ਬਲਵਿੰਦਰ ਸਿੰਘ ਬਿੱਲਾ ਤੈਅ ਕਰਵਾਉਂਦਾ ਰਿਹਾ? ਤ੍ਰਿਪਤ ਬਾਜਵਾ ਇਹ ਦੱਸੇ ਕਿ ਜਦ ਉਹ 2016 'ਚ ਅਮਰੀਕਾ ਗਿਆ ਤਾਂ ਉਸ ਵੇਲੇ ਉਹ ਨਿਊਯਾਰਕ ਵਿਖੇ ਇਸੇ ਅਵਤਾਰ ਸਿੰਘ ਪੰਨੂੰ ਦੇ ਘਰ ਨਹੀਂ ਠਹਿਰਿਆ? ਇਸ ਵਾਰ ਉਹ ਮੰਤਰੀ ਦੇ ਅਹਿਮ ਅਹੁਦੇ 'ਤੇ ਹੁੰਦਿਆਂ ਇਸ ਮਹੀਨੇ ਦੇ ਸ਼ੁਰੂ 'ਚ ਬਰਤਾਨੀਆ ਦੌਰੇ 'ਤੇ ਜਾਣ ਲਈ ਨਿਯਮਾਂ ਅਨੁਸਾਰ ਆਪਣੀ ਵਿਦੇਸ਼ ਫੇਰੀ ਨੂੰ ਸਰਕਾਰੀ ਜਾਂ ਨਿੱਜੀ ਹੋਣ ਬਾਰੇ ਕੇਂਦਰ ਸਰਕਾਰ ਜਾਂ ਵਿਦੇਸ਼ ਮੰਤਰਾਲੇ ਨੂੰ ਕੋਈ ਜਾਣਕਾਰੀ ਦਿੱਤੀ? ਕੀ ਕੋਈ ਸਰਕਾਰੀ ਪ੍ਰੋਫਾਰਮਾ ਭਰਿਆ ਜਾਂ ਫਿਰ ਸਰਕਾਰ ਤੋਂ ਵਿਦੇਸ਼ ਜਾਣ ਦੀ ਕੋਈ ਆਗਿਆ ਲਈ?
ਜੇ ਨਹੀਂ ਤਾਂ ਕੀ ਇੰਝ ਕੇਦਰੀ ਵਿਦੇਸ਼ ਮੰਤਰਾਲੇ ਤੋਂ ਬਿਨਾਂ ਆਗਿਆ ਲਏ ਹੀ ਬਤੌਰ ਇਕ ਮੰਤਰੀ ਬਰਤਾਨੀਆ ਰਵਾਨਾ ਹੋ ਕੇ ਨਿਯਮਾਂ ਦੀ ਉਲੰਘਣਾ ਕਿਉਂ ਕੀਤੀ? ਲੰਡਨ 'ਚ ਦੇਸ਼ ਨੂੰ ਵੰਡਣ ਦੀ ਮੰਗ ਕਰਨ ਵਾਲੇ ਅਤੇ ਰੈਫਰੰਡਮ 2020 ਦੇ ਆਯੋਜਕ ਸਿੱਖ ਫਾਰ ਜਸਟਿਸ ਦੇ ਆਗੂਆਂ ਗੁਰਪਤਵੰਤ ਸਿੰਘ ਪੰਨੂੰ ਅਤੇ ਅਵਤਾਰ ਸਿੰਘ ਪਨੂੰ ਆਦਿ ਜੋ ਕਿ ਭਾਰਤ ਵਿਰੋਧੀ ਸਰਗਰਮੀਆਂ ਲਈ ਭਾਰਤੀ ਸੁਰੱਖਿਆ ਏਜੰਸੀਆਂ ਦੇ ਰਾਡਾਰ 'ਤੇ ਹਨ ਆਦਿ ਨੂੰ ਗੁਰਪਾਲ ਸਿੰਘ ਪੱਡਾ ਉਰਫ ਪਾਲ ਪੱਡਾ ਦੀ ਰਿਹਾਇਸ਼ 173 ਜਰਸਰੀ ਰੋਡ, ਔਸਟਰ ਲੇ, ਮਿਡਲੈਕਸ, ਯੂ. ਕੇ. ਵਿਖੇ ਨਹੀਂ ਮਿਲੇ? ਮਿਲੇ ਤਾਂ ਉਸ ਦਾ ਕੀ ਮਸਕਸ ਰਿਹਾ? ਬਾਜਵਾ ਨੂੰ ਇਹ ਸਪਸ਼ਟ ਕਰਨਾ ਹੋਵੇਗਾ ਕਿ ਉਹ ਲੰਡਨ 'ਚ 2020 ਦੇ ਉਨ੍ਹਾਂ ਹੀ ਦਿਨਾਂ 'ਚ ਕਿਉਂ ਗਏ ਹਨ?
ਉਨ੍ਹਾਂ ਤ੍ਰਿਪਤ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਬਹਿਬਲ ਕਲਾਂ ਗੋਲੀ ਕਾਂਡ 'ਚ ਸ਼ਾਮਲ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਅਤੇ ਐੱਸ. ਪੀ. ਰੈਂਕ ਦੇ ਅਫਸਰ ਪਰਮਜੀਤ ਸਿੰਘ ਪੰਨੂੰ ਸਿਖ ਫਾਰ ਜਸਟਿਸ ਦੇ ਮਾਸਟਰ ਮਾਈਂਡ ਨਿਊਯਾਰਕ ਵਾਸੀ ਅਵਤਾਰ ਸਿੰਘ ਪੰਨੂੰ ਦੇ ਕਰੀਬੀ ਰਿਸ਼ਤੇਦਾਰ ਨਹੀਂ ਹਨ? ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਉਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਉਨ੍ਹਾਂ ਪੁਲਸ ਅਧਿਕਾਰੀਆਂ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ, ਜਿਨ੍ਹਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਤਲ ਦੀ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ। ਕੀ ਇਨ੍ਹਾਂ ਨੂੰ ਪੰਨੂੰ ਨਾਲ ਰਿਸ਼ਤੇਦਾਰੀ ਦਾ ਲਾਭ ਦਿੱਤਾ ਜਾ ਰਿਹਾ ਹੈ?
ਇਸ ਮੌਕੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਯਾਦਵਿੰਦਰ ਸਿੰਘ, ਅਜੈਬੀਰਪਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਹਲ, ਪ੍ਰੋ. ਸਰਚਾਂਦ ਸਿੰਘ, ਹਰਪਾਲ ਸਿੰਘ ਬੱਬਰ ਆਦਿ ਹਾਜ਼ਰ ਸਨ।
