ਲੁਧਿਆਣਾ ਦੇ ਸ਼ਿਵ ਮੰਦਰ ''ਚ ਵੱਡੀ ਬੇਅਦਬੀ! ਪੁਲਸ ਵੱਲੋਂ ਪਰਚਾ ਦਰਜ
Monday, Feb 02, 2026 - 01:44 PM (IST)
ਲੁਧਿਆਣਾ (ਰਾਜ): ਤਾਜਪੁਰ ਰੋਡ ਸਥਿਤ ਸੁਧਾਕਰ ਪਾਠਕ ਨਗਰ ਵਿਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਕੁਝ ਸ਼ਰਾਰਤੀ ਅਨਸਰਾਂ ਨੇ ਸ਼੍ਰੀ ਓਮ ਸ਼ਿਵ ਸ਼ਕਤੀ ਮੰਦਰ ਦੀ ਮਰਿਆਦਾ ਨੂੰ ਪੈਰਾਂ ਹੇਠ ਰੋਲ ਦਿੱਤਾ। ਗਲੀ ਨੰਬਰ-1 ਸਥਿਤ ਇਸ ਮੰਦਰ ਦੇ ਪ੍ਰਧਾਨ ਅਨੁਸਾਰ ਉਨ੍ਹਾਂ ਨੂੰ ਮੁਹੱਲਾ ਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ ਸੰਦੀਪ ਕੁਮਾਰ ਨਾਂ ਦਾ ਇਕ ਵਿਅਕਤੀ ਮੰਦਰ ਕੰਪਲੈਕਸ ਦੇ ਅੰਦਰ ਵੜ ਕੇ ਬੇਅਦਬੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।
ਸੂਚਨਾ ਮਿਲਦੇ ਹੀ ਜਦੋਂ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਇਲਾਕਾ ਨਿਵਾਸੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮੁਲਜ਼ਮ ਸੰਦੀਪ ਕੁਮਾਰ ਅਤੇ ਉਸ ਦੇ ਸਾਥੀ ਬੇਖੌਫ਼ ਹੋ ਕੇ ਜੁੱਤੀਆਂ-ਚੱਪਲਾਂ ਪਾ ਕੇ ਮੰਦਰ ਦੀ ਚੌਖਟ ਦੇ ਅੰਦਰ ਘੁੰਮ ਰਹੇ ਸਨ। ਜਦੋਂ ਪ੍ਰਧਾਨ ਨੇ ਇਸ ਘੋਰ ਬੇਅਦਬੀ ਦਾ ਵਿਰੋਧ ਕੀਤਾ ਅਤੇ ਸੰਦੀਪ ਨੂੰ ਮਰਿਆਦਾ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਉਲਟਾ ਉਨ੍ਹਾਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਸੰਦੀਪ ਕੁਮਾਰ ਨੇ ਸ਼ਰੇਆਮ ਦਬੰਗਈ ਦਿਖਾਉਂਦੇ ਹੋਏ ਕਿਹਾ ਕਿ ਇਹ ਜਗ੍ਹਾ ਉਸ ਦੀ ਹੈ ਅਤੇ ਉਸ ਕੋਲ ਅਦਾਲਤ ਦੇ ਹੁਕਮ ਹਨ, ਇਸ ਲਈ ਉਹ ਇੱਥੇ ਤੋੜ-ਭੰਨ ਕਰਨ ਦਾ ਹੱਕ ਰੱਖਦਾ ਹੈ। ਜਿਵੇਂ ਹੀ ਇਸ ਘਟਨਾ ਦੀ ਖ਼ਬਰ ਪੂਰੇ ਇਲਾਕੇ ਵਿਚ ਅੱਗ ਵਾਂਗ ਫੈਲ ਗਈ ਅਤੇ ਲੋਕ ਵੱਡੀ ਗਿਣਤੀ ਵਿਚ ਮੰਦਰ ਦੇ ਬਾਹਰ ਇਕੱਠੇ ਹੋਣ ਲੱਗੇ, ਤਾਂ ਮੁਲਜ਼ਮ ਸੰਦੀਪ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਅਤੇ ਉਸ ਦੇ ਪਰਿਵਾਰ ਨੇ ਨਾ ਸਿਰਫ਼ ਜੁੱਤੇ ਪਾ ਕੇ ਮੰਦਰ ਨੂੰ ਅਪਵਿੱਤਰ ਕੀਤਾ ਸੀ, ਸਗੋਂ ਭਗਵਾਨ ਸ਼ਿਵ ਦੀ ਪਵਿੱਤਰ ਮੂਰਤੀ ਨੂੰ ਵੀ ਖੰਡਿਤ ਕਰ ਦਿੱਤਾ।
ਪ੍ਰਧਾਨ ਅਤੇ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਸੰਦੀਪ ਕੁਮਾਰ, ਉਸ ਦੇ ਬੇਟੇ ਅਤੇ ਪਤਨੀ ਨੇ ਮਿਲ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਸ ਨਾਲ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਫਿਲਹਾਲ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਨੇ ਇਸ ਮਾਮਲੇ ਵਿਚ ਮੰਦਰ ਦੇ ਪ੍ਰਧਾਨ ਮਨੋਜ ਪਾਠਕ ਦੀ ਸ਼ਿਕਾਇਤ ’ਤੇ ਸੰਦੀਪ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਹੈ।
