ਐਂਟੀ ਕਰੱਪਸ਼ਨ ਹੈਲਪਲਾਈਨ ਨੇ ਵੱਢੀਖੋਰਾਂ ’ਤੇ ਕੱਸਿਆ ਸ਼ਿਕੰਜਾ, ਹੁਣ ਤੱਕ 45 ਵਿਅਕਤੀ ਗ੍ਰਿਫਤਾਰ

Wednesday, Jun 22, 2022 - 02:21 PM (IST)

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਥੋੜੇ ਸਮੇਂ ’ਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਤੇ ਹੋਰਾਂ ਨੂੰ ਵੱਢੀਖੋਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਉਣ ਲਈ ਲੋਕਾਂ ਦੀ ਸਹੂਲਤ ਵਾਸਤੇ ਵਟ੍ਹਸਐਪ ਆਧਾਰਤ ਇਕ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸੀ, ਜੋ ਭ੍ਰਿਸ਼ਟਾਚਾਰ ਖਿਲਾਫ਼ ਪ੍ਰਭਾਵੀ ਸਾਬਿਤ ਹੋਇਆ ਹੈ। 
ਇਸ ਨੰਬਰ ’ਤੇ ਮਿਲੀਆਂ ਪ੍ਰਮਾਣਿਕ ਸ਼ਿਕਾਇਤਾਂ ਦੇ ਆਧਾਰ ’ਤੇ ਪੰਜਾਬ ਪੁਲਸ ਨੇ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਤੇ ਹੋਰ ਦੋਸ਼ੀਆਂ ਖ਼ਿਲਾਫ਼ 28 ਐੱਫ਼.ਆਈ.ਆਰ. ਦਰਜ ਕੀਤੀਆਂ ਹਨ। ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਵਿਜੀਲੈਂਸ ਨੇ ਹੁਣ ਤੱਕ ਪੁਲਸ ਦੇ ਇਕ ਸਬ-ਇੰਸਪੈਕਟਰ, ਅੱਠ ਸਹਾਇਕ ਸਬ-ਇੰਸਪੈਕਟਰਾਂ, ਤਿੰਨ ਹੌਲਦਾਰਾਂ, ਇਕ ਸਿਪਾਹੀ, ਹੋਮਗਾਰਡ ਦੇ ਇਕ ਜਵਾਨ, ਦੋ ਪਟਵਾਰੀਆਂ, ਇਕ ਕਲਰਕ, ਇਕ ਨੰਬਰਦਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਕ ਡੇਟਾ ਐਂਟਰੀ ਅਪਰੇਟਰ, ਸਰਕਾਰੀ ਆਈ.ਟੀ.ਆਈ. ਐੱਸ.ਏ.ਐੱਸ. ਨਗਰ ਦੇ ਇਕ ਪ੍ਰਿੰਸੀਪਲ, ਇਕ ਮੈਡੀਕਲ ਅਫ਼ਸਰ, ਇਕ ਡਿਵੀਜ਼ਨਲ ਜੰਗਲਾਤ ਅਫ਼ਸਰ ਅਤੇ ਜੁਡੀਸ਼ਲ ਵਿਭਾਗ ਦੇ ਸੰਮਨ ਭੇਜਣ ਵਾਲੇ ਸਟਾਫ਼ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਮਾਈਨਿੰਗ ਕੇਸ ਵਿਚ 17 ਜਣਿਆਂ, ਪਟਵਾਰੀਆਂ ਦੇ ਚਾਰ ਸਹਾਇਕਾਂ ਤੇ ਇਕ ਜੰਗਲਾਤ ਠੇਕੇਦਾਰ ਨੂੰ ਭ੍ਰਿਸ਼ਟ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਫੜ੍ਹਿਆ ਗਿਆ ਹੈ। ਪੁਲਸ ਨੇ 21 ਜੂਨ 2022 ਤੱਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੁੱਲ 45 ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ''ਚ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਵੋਟਾਂ ਦੀ ਵੰਡ ਦਾ ਹੋ ਸਕਦਾ ''ਆਪ'' ਨੂੰ ਫਾਇਦਾ    

ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੋਈ ਹੈ ਅਤੇ ਭ੍ਰਿਸ਼ਟ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਬਾਹਰ ਦਾ ਰਾਹ ਵਿਖਾ ਕੇ ਸਮੁੱਚੇ ਸਿਸਟਮ ਨੂੰ ਸਾਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀ, ਕਾਰਗਰ ਅਤੇ ਪਾਰਦਰਸ਼ੀ ਸਰਕਾਰ ਦੇਣ ਲਈ ਸ਼ਾਸਨ ਵਿਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੇ ਮੋਢਿਆਂ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ, ਜਿਸ ਕਰ ਕੇ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇ ਕੇ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਨਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲਾਮਿਸਾਲ ਕਾਰਵਾਈ ਇਹ ਦਰਸਾਉਂਦੀ ਹੈ ਕਿ ਸੂਬਾ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਜੰਗ ਉਸ ਵੇਲੇ ਹੀ ਖ਼ਤਮ ਹੋਵੇਗੀ, ਜਦੋਂ ਸੂਬੇ ਵਿਚੋਂ ਇਸ ਦਾ ਮੁਕੰਮਲ ਤੌਰ ’ਤੇ ਸਫ਼ਾਇਆ ਹੋ ਜਾਵੇਗਾ ਪਰ ਇਸ ਲਈ ਲੋਕਾਂ ਦਾ ਸਰਗਰਮ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਨੇਕ ਕਾਰਜ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਭਗਵੰਤ ਮਾਨ ਨੇ ਲੋਕਾਂ ਨੂੰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਵਧ-ਚੜ੍ਹ ਕੇ ਸੂਬਾ ਸਰਕਾਰ ਦਾ ਸਹਿਯੋਗ ਕਰਨ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : 'ਆਪ’ ਅਕਾਲੀ ਦਲ ਅਤੇ ਕਾਂਗਰਸ ਵਾਂਗ ਪਰਿਵਾਰਵਾਦ ਨੂੰ ਉਤਸ਼ਾਹਿਤ ਨਹੀਂ ਕਰਦੀ : CM ਮਾਨ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


 


Anuradha

Content Editor

Related News