ਦਿੱਲੀ ਜਾਣ ਲਈ ਨਹੀਂ ਦਿੱਤੀਆਂ ਟਿਕਟਾਂ, ਭੜਕੇ ਕਿਸਾਨਾਂ ਨੇ ਰੋਕੀ ਰੇਲ, ਮੁਕੱਦਮਾ ਹੋਇਆ ਦਰਜ

03/07/2024 11:52:31 PM

ਪਟਿਆਲਾ/ਸਨੌਰ, 7 ਮਾਰਚ (ਮਨਦੀਪ ਜੋਸਨ)– ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਵਿਵਾਦ ਜਾਰੀ ਰਿਹਾ। ਸ਼ੰਭੂ ਬਾਰਡਰ ਵਿਖੇ ਕਿਸਾਨ ਨੇਤਾਵਾਂ ਨੇ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਕਿ ਅੱਜ ਤਾਮਿਲਨਾਡੂ ਦੇ ਤ੍ਰਿਪੁਰ ’ਚ ਐਡਵੋਕੇਟ ਈਸ਼ਨ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਦੇ ਜਥੇ ਨੂੰ ਰੇਲਵੇ ਸਟੇਸ਼ਨ ’ਤੇ ਟਿਕਟਾਂ ਨਾ ਦੇਣ ਕਾਰਨ ਹੰਗਾਮਾ ਹੋ ਗਿਆ ਤੇ ਕਿਸਾਨਾਂ ਨੇ 2 ਘੰਟੇ ਰੇਲ ਦਾ ਚੱਕਾ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਕਿਸਾਨਾਂ ’ਤੇ ਮੁਕੱਦਮਾ ਦਰਜ ਕਰ ਲਿਆ। ਨੇਤਾਵਾਂ ਨੇ ਆਖਿਆ ਕਿ ਇਹ ਸਭ ਕੁਝ ਮੋਦੀ ਸਰਕਾਰ ਦੀ ਬੌਖਲਾਹਟ ਦੀ ਨਿਸ਼ਾਨੀ ਹੈ, ਜਿਹੜੀ ਕਿ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਨਹੀਂ ਦੇ ਰਹੀ।

ਇਹ ਖ਼ਬਰ ਵੀ ਪੜ੍ਹੋ : ਹਾਈ ਕੋਰਟ ’ਚ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਹੋਈ ਸੁਣਵਾਈ, ਜਾਰੀ ਹੋਏ ਇਹ ਹੁਕਮ

ਕਿਸਾਨ ਨੇਤਾਵਾਂ ਨੇ ਆਖਿਆ ਕਿ ਕੇਰਲ ਤੋਂ ਕਿਸਾਨਾਂ ਦਾ ਇਕ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ ਪਰ ਉਸ ਨੂੰ ਪੁਲਸ ਦਿੱਲੀ ਅੰਦਰ ਦਾਖ਼ਲ ਹੋਣ ਦੇਵੇਗੀ ਜਾਂ ਨਹੀਂ ਇਹ ਵੀ ਅਜੇ ਪਤਾ ਨਹੀਂ ਹੈ। ਉਥੇ ਹੀ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਵਿਖੇ ਚੱਲ ਰਿਹਾ ਮੋਰਚਾ ਅੱਜ 24ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਇਸ ਮੌਕੇ ਕਿਸਾਨ ਨੇਤਾ ਗੁਰਅਮਨੀਤ ਸਿੰਘ ਮਾਂਗਟ, ਹਰਮਨਦੀਪ ਸਿੰਘ, ਚਮਕੌਰ ਸਿੰਘ, ਬਚਿੱਤਰ ਸਿੰਘ ਕੋਟਲਾ, ਹਰਵਿੰਦਰ ਸਿੰਘ ਢਿੱਲੋਂ ਤੇ ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ’ਤੇ ਪੂਰੇ ਦੇਸ਼ ਭਰ ਤੋਂ ਵੱਡੀ ਗਿਣਤੀ ’ਚ ਬੀਬੀਆਂ ਦਾ ਜਥਾ ਸ਼ੰਭੂ ਤੇ ਖਨੌਰੀ ਮੋਰਚੇ ’ਤੇ ਪਹੁੰਚੇਗਾ। ਇਸ ਮੌਕੇ ਦੋਵੇਂ ਬਾਰਡਰਾਂ ਦੀ ਵਾਗਡੋਰ ਤੇ ਮੰਚ ਸੰਚਾਲਨ ਔਰਤਾਂ ਦੇ ਹੱਥ ਹੋਵੇਗਾ।

ਕਿਸਾਨ ਨੇਤਾਵਾਂ ਨੇ ਅੱਜ ਦੋਵੇਂ ਫੋਰਮਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਮੋਰਚੇ ’ਚ ਸ਼ਮੂਲੀਅਤ ਵਧਾਉਣ ਦੀ ਵੀ ਅਪੀਲ ਕੀਤੀ ਤੇ ਨਾਲ ਹੀ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਤਾ ਪਾ ਕੇ ਹਰੇਕ ਪਿੰਡ ’ਚੋਂ ਘੱਟੋ-ਘੱਟ ਇਕ ਟਰਾਲੀ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਭੇਜਣ। ਉਨ੍ਹਾਂ ਭਾਜਪਾ ਦੇ ਆਈ. ਟੀ. ਸੈੱਲ ਨੂੰ ਦੇਸ਼ ’ਚ ਮਾਹੌਲ ਖ਼ਰਾਬ ਕਰਨ ਤੇ ਕਿਸਾਨਾਂ ਤੇ ਇਕ ਭਾਈਚਾਰੇ ਵਿਸ਼ੇਸ਼ ਪ੍ਰਤੀ ਚਲਾਏ ਜਾ ਰਹੇ ਕੂੜ ਪ੍ਰਚਾਰ ਦਾ ਖੰਡਨ ਕੀਤਾ ਤੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਇਹ ਸਭ ਕੁਝ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਆਖਿਆ ਕਿ ਠੋਸ ਹੱਲ ਹੋਣ ਤਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News