ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕੇ ਵਿੱਤ ਮੰਤਰੀ ਦੇ ਪੁਤਲੇ
Friday, Feb 23, 2018 - 11:39 PM (IST)

ਬਟਾਲਾ, (ਬੇਰੀ)- ਆਲ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਵੱਲੋਂ ਅੱਜ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਰਕਲ ਬਟਾਲਾ 'ਚ ਪੈਂਦੇ ਅੱਡਾ ਧਰਮਕੋਟ ਬੱਗਾ ਵਿਖੇ ਸਥਿਤ ਗਿਰਜਾਘਰ ਨੇੜੇ ਖੁੱਲ੍ਹੇ ਮੈਦਾਨ 'ਚ ਬਲਾਕ ਪ੍ਰਧਾਨ ਕੁਲਮੀਤ ਕੌਰ ਦੀ ਅਗਵਾਈ 'ਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਤਾਂ ਦੂਰ ਉਨ੍ਹਾਂ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ, ਜਿਸ ਕਾਰਨ ਯੂਨੀਅਨ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਮਾਣ ਭੱਤਾ ਦਿੱਲੀ ਕੈਡਰ ਦੀ ਤਰਜ਼ 'ਤੇ ਦਿੱਤਾ ਜਾਵੇ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਤੋਂ ਇਲਾਵਾ ਪਿਛਲੇ 2 ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਵੀ ਨਹੀਂ ਦਿੱਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸੇ ਤਰ੍ਹਾਂ ਪਿੰਡ ਸਰੂਪਵਾਲੀ ਕਲਾਂ ਵਿਖੇ ਵੀ ਰਣਜੀਤ ਕੌਰ ਸਰਕਲ ਪ੍ਰਧਾਨ ਦੀ ਅਗਵਾਈ ਹੇਠ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਥੇ ਸਭ ਤੋਂ ਪਹਿਲਾਂ ਪਿੰਡ 'ਚ ਆਂਗਣਵਾੜੀ ਵਰਕਰਾਂ ਨੇ ਮੀਟਿੰਗ ਕੀਤੀ ਅਤੇ ਬਾਅਦ 'ਚ ਪਿੰਡ ਦੇ ਚੌਕ 'ਚ ਇਕੱਠੇ ਹੋ ਕੇ ਪੁਤਲਾ ਫੂਕਿਆ।