ਪੰਜਾਬ ਦੇ ਕਈ ਪੈਟਰੋਲ ਪੰਪਾਂ ਤੋਂ ਹਟਾਏ ਜਾਣਗੇ ਮੁੱਖ ਮੰਤਰੀ ਮਾਨ ਦੇ ਹੋਰਡਿੰਗਜ਼, ਤੇਲ ਕੰਪਨੀ ਦੇ ਹੁਕਮਾਂ ਨਾਲ ਮਚੀ ਤਰਥੱਲੀ
Thursday, Jan 29, 2026 - 10:53 AM (IST)
ਜਲੰਧਰ (ਇੰਟ.)- ਸੂਬੇ ਦੀ ਰਾਜਨੀਤੀ ਵਿਚ ਇਕ ਨਵੀਂ ਹਲਚਲ ਪੈਦਾ ਹੋ ਗਈ ਹੈ। ਦਰਅਸਲ, ਇਕ ਵੱਡੀ ਪਬਲਿਕ ਸੈਕਟਰ ਦੀ ਤੇਲ ਮਾਰਕੀਟਿੰਗ ਕੰਪਨੀ ਨੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪੰਜਾਬ ਭਰ ਵਿਚ ਆਪਣੇ ਪੈਟਰੋਲ ਪੰਪ ਆਊਟਲੈੱਟਾਂ ’ਤੇ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਹੋਰਡਿੰਗਜ਼ ਹਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿਚ ਕੰਪਨੀ ਦੇ ਕਈ ਆਊਟਲੈੱਟ ਹਨ, ਜਿੱਥੇ ਇਹ ਹੋਰਡਿੰਗਜ਼ ਲਗਾਏ ਗਏ ਹਨ।
ਕੰਪਨੀ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਕੰਪਨੀ ਦੀ ਮਲਕੀਅਤ ਵਾਲੇ ਕੰਪਲੈਕਸ ਵਿਚ ਰਾਜਨੀਤਕ ਪ੍ਰਚਾਰ ਦੀ ਇਜਾਜ਼ਤ ਨਹੀਂ ਹੈ। ਅਧਿਕਾਰੀ ਅਨੁਸਾਰ ਰਵਾਇਤੀ ਤੌਰ ’ਤੇ ਇਨ੍ਹਾਂ ਹੋਰਡਿੰਗਜ਼ ਦੀ ਵਰਤੋਂ ਕੇਂਦਰ ਸਰਕਾਰ ਦੀਆਂ ਊਰਜਾ ਖੇਤਰ ਨਾਲ ਜੁੜੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ਦੇ ਪ੍ਰਚਾਰ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚ ਆਮ ਤੌਰ ’ਤੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਹੁੰਦੀਆਂ ਹਨ।
24 ਜਨਵਰੀ ਨੂੰ ਲਾਏ ਗਏ ਸਨ ਹੋਰਡਿੰਗਜ਼
ਪੰਜਾਬ ਸਰਕਾਰ ਨੇ 24 ਜਨਵਰੀ ਨੂੰ ਪੈਟਰੋਲ ਪੰਪਾਂ ’ਤੇ ਤੈਅ ਡਿਸਪਲੇਅ ਸਾਈਟਾਂ ’ਤੇ ਇਹ ਹੋਰਡਿੰਗਜ਼ ਲਗਵਾਏ ਸਨ। ਇਨ੍ਹਾਂ ਹੋਰਡਿੰਗਜ਼ ਰਾਹੀਂ ਸੂਬਾ ਸਰਕਾਰ ਦੀ ਨਵੀਂ ਸਿਹਤ ਬੀਮਾ ਯੋਜਨਾ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ, ਜਿਸ ਵਿਚ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦੇ ਇਲਾਜ ਦਾ ਕਵਰ ਦੇਣ ਦਾ ਦਾਅਵਾ ਕੀਤਾ ਗਿਆ ਹੈ। ਹੋਰਡਿੰਗਜ਼ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਮੁੱਖ ਤੌਰ ’ਤੇ ਲੱਗੀ ਹੋਈ ਹੈ। ਜਿਵੇਂ ਹੀ ਇਹ ਮਾਮਲਾ ਤੇਲ ਕੰਪਨੀ ਦੇ ਧਿਆਨ ਵਿਚ ਆਇਆ, ਖੇਤਰੀ ਦਫ਼ਤਰਾਂ ਨੇ ਆਊਟਲੈੱਟ ਡੀਲਰਾਂ ਨੂੰ ਤੁਰੰਤ ਬੋਰਡ ਹਟਾਉਣ ਦੇ ਨਿਰਦੇਸ਼ ਦੇ ਦਿੱਤੇ। ਹੁਸ਼ਿਆਰਪੁਰ ਜ਼ਿਲੇ ਦੇ ਇਕ ਪੈਟਰੋਲ ਪੰਪ ਆਪ੍ਰੇਟਰ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਨ੍ਹਾਂ ਨੂੰ ਕੰਪਨੀ ਨੁਮਾਇੰਦਿਆਂ ਦਾ ਫ਼ੋਨ ਆਇਆ ਅਤੇ ਤੁਰੰਤ ਹੋਰਡਿੰਗਜ਼ ਹਟਾਉਣ ਲਈ ਕਿਹਾ।
ਇਸ਼ਤਿਹਾਰ ਏਜੰਸੀ ਦੀ ਗਲਤੀ ਜਾਂ ਗਲਤਫਹਿਮੀ?
ਇਕ ਮੀਡੀਆ ਰਿਪੋਰਟ ਵਿਚ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਇਨ੍ਹਾਂ ਸਾਈਟਾਂ ਦੀ ਵਰਤੋਂ ਸੂਬਾ ਸਰਕਾਰ ਦੇ ਇਸ਼ਤਿਹਾਰਾਂ ਲਈ ਕੀਤੀ ਗਈ। ਇਨ੍ਹਾਂ ਹੋਰਡਿੰਗਜ਼ ’ਤੇ ਮੁੱਖ ਮੰਤਰੀ ਦੀ ਤਸਵੀਰ ਹੈ ਅਤੇ ਸੂਬਾ ਸਰਕਾਰ ਦੀ ਯੋਜਨਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਕਿ ਨਿਯਮਾਂ ਦੇ ਖਿਲਾਫ ਹੈ। ਤੇਲ ਕੰਪਨੀ ਮੁਤਾਬਕ ਜਿਸ ਨਿੱਜੀ ਇਸ਼ਤਿਹਾਰ ਏਜੰਸੀ ਨੂੰ ਕੰਪਨੀ ਨੇ ਨਿਯੁਕਤ ਕੀਤਾ ਸੀ, ਉਸੇ ਏਜੰਸੀ ਨੂੰ ਪੰਜਾਬ ਸਰਕਾਰ ਨੇ ਵੀ ਆਪਣੇ ਇਸ਼ਤਿਹਾਰਾਂ ਲਈ ਕੰਮ ’ਤੇ ਰੱਖਿਆ ਸੀ। ਖਦਸ਼ਾ ਹੈ ਕਿ ਏਜੰਸੀ ਨੇ ਪੈਟਰੋਲ ਪੰਪਾਂ ਦੀਆਂ ਥਾਵਾਂ ਨੂੰ ਆਪਣੀ ਅਧਿਕਾਰਤ ਸਾਈਟ ਮੰਨ ਲਿਆ, ਜਦੋਂ ਕਿ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਸੀ।
ਏਜੰਸੀ ਨੇ ਵਿਵਾਦ ਘਟਾਉਣ ਦੀ ਕੀਤੀ ਕੋਸ਼ਿਸ਼
ਵਿਵਾਦ ਵਧਦਾ ਦੇਖ ਕੇ ਇਸ਼ਤਿਹਾਰ ਏਜੰਸੀ ‘ਯੂਨੀਕ ਈਵੈਂਟ ਐਂਡ ਪ੍ਰਮੋਸ਼ਨਜ਼’ ਨੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ। ਏਜੰਸੀ ਦੀ ਮੈਨੇਜਰ ਜਸਵਿੰਦਰ ਕੌਰ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੋਰਡਿੰਗਜ਼ ਕ੍ਰਿਏਟਿਵ ਕੰਟੈਂਟ ਨਾਲ ਜੁੜੇ ਕੁਝ ਮੁੱਦਿਆਂ ਕਾਰਨ ਹਟਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਕ੍ਰਿਏਟਿਵ ਕੰਟੈਂਟ ਵਿਚ ਬਦਲਾਅ ਕਰ ਰਹੇ ਹਾਂ ਅਤੇ ਅਗਲੇ ਕੁਝ ਦਿਨਾਂ ਵਿਚ ਹੋਰਡਿੰਗਜ਼ ਫਿਰ ਤੋਂ ਲਗਾ ਦਿੱਤੇ ਜਾਣਗੇ।
ਡੀਲਰ ਬੇਵਜ੍ਹਾ ਬਣੇ ਸ਼ਿਕਾਰ
ਇਸ ਪੂਰੇ ਵਿਵਾਦ ਵਿਚ ਪੈਟਰੋਲ ਪੰਪ ਡੀਲਰ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ। ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਹੋਰਡਿੰਗਜ਼ ਲਗਾਉਣ ਜਾਂ ਹਟਾਉਣ ਦਾ ਫੈਸਲਾ ਤੇਲ ਕੰਪਨੀ ਕਰਦੀ ਹੈ, ਡੀਲਰ ਨਹੀਂ, ਪਰ ਸਥਾਨਕ ਨੇਤਾ ਸਾਡੇ ਤੋਂ ਸਵਾਲ ਕਰ ਰਹੇ ਹਨ ਅਤੇ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਲੜਾਈ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ।
ਆਮ ਆਦਮੀ ਪਾਰਟੀ ਨੇ ਧਾਰੀ ਚੁੱਪ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਪੂਰੇ ਮਾਮਲੇ ’ਤੇ ਪੰਜਾਬ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਪੈਟਰੋਲ ਪੰਪਾਂ ਤੋਂ ਮੁੱਖ ਮੰਤਰੀ ਦੇ ਹੋਰਡਿੰਗਜ਼ ਹਟਾਏ ਜਾਣ ਦੀ ਘਟਨਾ ਨੇ ਇਕ ਵਾਰ ਫਿਰ ਕੇਂਦਰ ਅਤੇ ਸੂਬਾ ਸਰਕਾਰ ਵਿਚਕਾਰ ਤਣਾਅ ਨੂੰ ਉਜਾਗਰ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਸਿਆਸੀ ਤੂਲ ਫੜ ਸਕਦਾ ਹੈ।
