ਨੰਗਲਸ਼ਾਮਾ ''ਚ ਦਲਿਤ ਮੁਟਿਆਰ ਨਾਲ ਜਬਰ-ਜ਼ਨਾਹ ਦਾ ਯਤਨ
Thursday, Nov 16, 2017 - 07:46 AM (IST)
ਜਲੰਧਰ,(ਮਹੇਸ਼)- ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਨੰਗਲਸ਼ਾਮਾ ਵਿਚ ਇਕ ਦਲਿਤ ਮੁਟਿਆਰ ਨੂੰ ਰਾਹ ਵਿਚੋਂ ਜਬਰੀ ਚੁੱਕ ਕੇ ਇਕ ਕੋਠੀ ਅੰਦਰ ਲਿਜਾ ਕੇ ਬੰਧਕ ਬਣਾਉਣ ਪਿੱਛੋਂ ਉਸ ਨਾਲ ਜਬਰ-ਜ਼ਨਾਹ ਕਰਨ ਦੇ ਯਤਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਪਤਾਰਾ ਦੀ ਪੁਲਸ ਨੇ ਸੰਤੋਖ ਸਿੰਘ ਸੁੱਖੂ ਪੁੱਤਰ ਤਰਨਜੀਤ ਸਿੰਘ ਅਤੇ ਮਨਦੀਪ ਸਿੰਘ ਦੀਪਾ ਪੁੱਤਰ ਦਵਿੰਦਰ ਸਿੰਘ (ਦੋਵੇਂ ਵਾਸੀ ਨੰਗਲਸ਼ਾਮਾ) ਵਿਰੁੱਧ ਧਾਰਾ 376, 511 ਅਤੇ 342 ਅਧੀਨ ਮਾਮਲਾ ਦਰਜ ਕੀਤਾ ਹੈ। ਥਾਣਾ ਪਤਾਰਾ ਦੇ ਐੱਸ. ਐੱਚ. ਓ. ਗੋਪਾਲ ਸਿੰਘ ਨੇ ਦੱਸਿਆ ਕਿ ਉਕਤ ਫਰਾਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹਨ। ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਕੌਰ (ਨਕਲੀ ਨਾਂ) ਨੇ ਪਤਾਰਾ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਪਿੰਡ ਨੰਗਲਸ਼ਾਮਾ ਦੀ ਰਹਿਣ ਵਾਲੀ ਹੈ। ਪਰਾਗਪੁਰ ਸਥਿਤ ਇਕ ਕੰਪਨੀ ਵਿਚ ਬੀਤੇ 6 ਮਹੀਨਿਆਂ ਤੋਂ ਨੌਕਰੀ ਕਰ ਰਹੀ ਹੈ। ਉਹ ਹਰ ਰੋਜ਼ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਸੀ ਅਤੇ ਸ਼ਾਮ ਨੂੰ 5 ਵਜੇ ਵਾਪਸ ਆਉਂਦੀ ਸੀ। ਉਸ ਨੇ ਦੱਸਿਆ ਕਿ ਬੁੱਧਵਾਰ ਉਹ ਸਵੇਰੇ 7 ਵਜੇ ਘਰੋਂ ਨਿਕਲੀ। ਉਹ ਪੈਦਲ ਹੀ ਜਾ ਰਹੀ ਸੀ, ਜਦੋਂ ਉਹ ਹਰਭਜਨ ਸਿੰਘ ਵਾਸੀ ਨੰਗਲਸ਼ਾਮਾ ਦੀ ਕੋਠੀ ਨੇੜੇ ਪੁੱਜੀ ਤਾਂ ਪਿੱਛੋਂ ਆ ਰਹੇ ਇਕ ਅਣਪਛਾਤੇ ਨੌਜਵਾਨ ਨੇ ਉਸ ਨੂੰ ਜਬਰੀ ਚੁੱਕ ਲਿਆ ਅਤੇ ਕੋਠੀ ਅੰਦਰ ਲਿਜਾ ਕੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਉਥੇ ਪਹਿਲਾਂ ਹੀ ਸੰਤੋਖ ਸਿੰਘ ਸੁੱਖੂ ਮੌਜੂਦ ਸੀ। ਕੁਝ ਦੇਰ ਬਾਅਦ ਸੁੱਖੂ ਆਪਣੇ ਇਕ ਹੋਰ ਸਾਥੀ ਮਨਦੀਪ ਸਿੰਘ ਦੀਪਾ ਨੂੰ ਵੀ ਉਥੇ ਲੈ ਕੇ ਆ ਗਿਆ। ਦੋਵਾਂ ਨੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੱਲੋਂ ਰੌਲਾ ਪਾਉਣ 'ਤੇ ਕੋਠੀ ਵਿਚ ਮੌਜੂਦ ਸੁਸ਼ੀਲ ਕੁਮਾਰ ਅਤੇ ਸੁਰਿੰਦਰਪਾਲ ਨਾਮੀ ਦੋ ਵਿਅਕਤੀ ਉਥੇ ਆਏ ਅਤੇ ਉਨ੍ਹਾਂ ਨੇ ਮੈਨੂੰ ਛੁਡਾਇਆ। ਉਸ ਤੋਂ ਬਾਅਦ ਉਹ ਇਕ ਆਟੋ ਵਿਚ ਸਵਾਰ ਹੋ ਕੇ ਦਕੋਹਾ ਰਹਿੰਦੀ ਇਕ ਸਹੇਲੀ ਦੇ ਕਲੀਨਿਕ ਵਿਖੇ ਪੁੱਜੀ। ਉਸ ਨੇ ਇਸ ਸਬੰਧੀ ਮੇਰੇ ਪਰਿਵਾਰ ਨੂੰ ਸੂਚਿਤ ਕੀਤਾ।
