ਰੋਜ਼ਾਨਾਂ 10 ਘੰਟੇ ਜਾਪ ਕਰਦੀ ਹੈ ਪੇਂਟਰ ਲਵਲੀਨ, ਜਾਣੋ ਇਸ ਸ਼ਰਧਾ ਦੀ ਖਾਸ ਵਜ੍ਹਾ
Tuesday, Sep 24, 2019 - 12:49 PM (IST)

ਅੰਮ੍ਰਿਤਸਰ (ਸਫਰ) - ਸ੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ ਬਣਾਉਣ ਵਾਲੀ ਲਵਲੀਨ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਰੋਜ਼ਾਨਾਂ ਇਕ ਮਹੀਨਾ 10 ਘੰਟੇ ਵਾਹਿਗੁਰੂ ਜੀ ਦਾ ਜਾਪ ਵੀ ਕਰਦੀ ਰਹੀ। ਲਵਲੀਨ ਦੀ ਵਾਹਿਗੁਰੂ ਜੀ ਦੀ ਸ਼ਰਧਾ 'ਚ ਡੁਬਕੀ ਲਾ ਕੇ ਖਿੱਚੀ ਗਈ ਫੋਟੋ 'ਤੇ ਬਣਾਈ ਪੇਂਟਿੰਗ ਵੇਖ ਉਸ ਦੀ ਮਾਂ ਬਲਜੀਤ ਕੌਰ ਨੇ ਪੇਂਟਿੰਗ ਅੱਗੇ ਹੱਥ ਜੋੜ ਇਹੀ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਮੇਰੀ ਲਵਲੀਨ ਦੁਨੀਆ ਭਰ 'ਚ ਉੱਚਾ ਨਾਂ ਕਮਾਏ। 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਲਵਲੀਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਘੁੰਮਣ ਇਰੀਗੇਸ਼ਨ ਡਿਪਾਰਟਮੈਂਟ 'ਚ ਐੱਸ. ਡੀ. ਓ. ਹਨ। ਮਾਂ ਬਲਜੀਤ ਕੌਰ ਬੀ. ਐੱਸ. ਸੀ., ਬੀ. ਐੱਡ. ਹੈ, ਜਿਨ੍ਹਾਂ ਨੇ ਮੇਰੇ ਅਤੇ ਮੇਰੇ ਭਰਾ ਦੀ ਦੇਖ-ਰੇਖ ਕਰਨ ਲਈ ਨੌਕਰੀ ਨਹੀਂ ਕੀਤੀ।
ਮਾਂ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਕਾਲਜ ਤੋਂ ਘਰ ਆ ਕੇ ਰੋਜ਼ਾਨਾਂ ਸ਼ਰਧਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ ਬਣਾਇਆ ਕਰਦੀ ਸੀ। 2 ਵਜੇ ਕਾਲਜ ਤੋਂ ਆਉਣ ਮਗਰੋਂ, ਜੋ ਮਿਲਿਆ ਉਸ ਨੇ ਖਾ ਲਿਆ ਅਤੇ ਫਿਰ ਉਹ ਵਾਹਿਗੁਰੂ ਜੀ ਦਾ ਜਾਪ ਕਰਦੇ-ਕਰਦੇ ਪੇਂਟਿੰਗ ਬਣਾਉਣ 'ਚ ਜੁਟ ਜਾਂਦੀ। ਉਨ੍ਹਾਂ ਦੱਸਿਆ ਕਿ ਲਵਲੀਨ ਆਰਟ ਪ੍ਰਤੀ ਲੀਨ ਹੋਣ ਦੇ ਬਾਵਜੂਦ ਸਾਇਕਾਲੋਜੀ ਦੀ ਪੜ੍ਹਾਈ ਕਰ ਰਹੀ ਹੈ। ਉਸ ਨੂੰ ਪੜ੍ਹਾਈ ਕਰਨ ਦੇ ਨਾਲ-ਨਾਲ ਪੇਂਟਿੰਗ ਕਰਨ ਦਾ ਵੀ ਬਹੁਤ ਸ਼ੌਕ ਹੈ। ਲਵਲੀਨ ਨੇ ਕਿਹਾ ਕਿ ਜਦੋਂ ਮੈਂ ਸ੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ ਬਣਾ ਰਹੀ ਸੀ, ਉਸ ਸਮੇਂ ਜੋ ਮੈਨੂੰ ਖੁਸ਼ੀ ਅਨੁਭਵ ਹੋ ਰਹੀ ਸੀ, ਉਹ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਦੱਸ ਦੇਈਏ ਕਿ ਕੇ. ਟੀ. ਕਲਾ 'ਚ ਲੱਗੀ ਹੋਈ ਲਵਲੀਨ ਦੀ ਪੇਂਟਿੰਗ ਨੂੰ ਹਰ ਕੋਈ ਸ਼ਰਧਾ-ਭਾਵਨਾ ਨਾਲ ਵੇਖਦਾ ਹੈ।