ਜੰਗ ਦਾ ਅਸਰ : ਅਟਾਰੀ ਬਾਰਡਰ ਅਤੇ ਰੇਲ ਕਾਰਗੋ 'ਤੇ ਪਸਰੀ ਸੁੰਨ
Thursday, Mar 07, 2019 - 11:56 AM (IST)

ਅੰਮ੍ਰਿਤਸਰ (ਨੀਰਜ) : ਭਾਰਤ-ਪਾਕਿਸਤਾਨ 'ਚ ਚਾਹੇ ਸਿੱਧੀ ਜੰਗ ਹੁਣ ਤੱਕ ਸ਼ੁਰੂ ਨਹੀਂ ਹੋਈ ਪਰ ਦੋਵਾਂ ਦੇਸ਼ਾਂ ਵਿਚ ਲਗਾਤਾਰ ਵੱਧਦੇ ਜਾ ਰਹੇ ਤਣਾਅ ਦਾ ਅਸਰ ਸਾਫ਼ ਦਿਸਣਾ ਸ਼ੁਰੂ ਹੋ ਗਿਆ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੋਂ ਦਰਾਮਦ ਵਸਤੂਆਂ 'ਤੇ 200 ਫ਼ੀਸਦੀ ਕਸਟਮ ਡਿਊਟੀ ਲਾਏ ਜਾਣ ਦੇ 2 ਹਫ਼ਤਿਆਂ ਬਾਅਦ ਹੀ ਦੇਸ਼ ਦੀ ਪਹਿਲੀ ਆਈ. ਸੀ. ਪੀ. (ਇੰਟੈਗ੍ਰੇਟਿਡ ਚੈੱਕ ਪੋਸਟ) ਅਟਾਰੀ ਬਾਰਡਰ ਤੇ ਅੰਮ੍ਰਿਤਸਰ ਸਥਿਤ ਇੰਟਰਨੈਸ਼ਨਲ ਰੇਲ ਕਾਰਗੋ ਸੁੰਨਸਾਨ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਸਾਲ 2012 'ਚ 200 ਏਕੜ ਜ਼ਮੀਨ 'ਤੇ ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਆਈ. ਸੀ. ਪੀ. ਅਟਾਰੀ 'ਤੇ ਜਿਥੇ ਕਿਸੇ ਸਮੇਂ 500 ਤੋਂ 700 ਟਰੱਕਾਂ ਦਾ ਆਉਣਾ-ਜਾਣਾ ਹੁੰਦਾ ਸੀ, ਅੱਜ ਸੁੰਨਸਾਨ ਪੈ ਚੁੱਕੀ ਹੈ।
ਜਾਣਕਾਰੀ ਅਨੁਸਾਰ 16 ਫਰਵਰੀ ਦੀ ਰਾਤ ਤੋਂ ਹੀ ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਦਰਾਮਦ ਵਸਤੂਆਂ 'ਤੇ ਭਾਰੀ-ਭਰਕਮ ਡਿਊਟੀ ਲਾਏ ਜਾਣ ਤੋਂ ਬਾਅਦ ਆਈ. ਸੀ. ਪੀ. ਅਟਾਰੀ 'ਚ ਲੱਖਾਂ ਬੋਰੀਆਂ ਪਾਕਿਸਤਾਨੀ ਸੀਮੈਂਟ, ਛੁਹਾਰਾ ਤੇ ਹੋਰ ਸਾਮਾਨ ਡੰਪ ਹੋ ਚੁੱਕਾ ਹੈ ਤਾਂ ਉਥੇ ਹੀ ਅੰਮ੍ਰਿਤਸਰ ਸਥਿਤ ਇੰਟਰਨੈਸ਼ਨਲ ਰੇਲ ਕਾਰਗੋ 'ਚ ਪਾਕਿਸਤਾਨ ਤੋਂ ਦਰਾਮਦ ਸਰਜੀਕਲ ਗੁੱਡਸ ਤੇ ਹੋਰ ਸਾਮਾਨ ਡੰਪ ਹੋ ਗਿਆ ਹੈ ਕਿਉਂਕਿ ਇਸ ਸਾਮਾਨ 'ਤੇ 200 ਫ਼ੀਸਦੀ ਡਿਊਟੀ ਲੱਗ ਚੁੱਕੀ ਹੈ ਅਤੇ ਵਪਾਰੀ ਇਸ ਨੂੰ ਚੁੱਕਣ 'ਚ ਅਸਮਰੱਥ ਹਨ। ਵਪਾਰੀਆਂ ਵੱਲੋਂ ਦਰਾਮਦ ਵਸਤੂਆਂ ਨੂੰ ਆਈ. ਸੀ. ਪੀ. ਅਤੇ ਰੇਲ ਕਾਰਗੋ ਵੱਲੋਂ ਨਾ ਚੁੱਕਣ ਕਾਰਨ ਸੀ. ਡਬਲਿਊ. ਸੀ. ਨੇ ਵੀ ਵੱਖ-ਵੱਖ ਵਪਾਰੀਆਂ ਨੂੰ 50 ਤੋਂ ਵੱਧ ਨੋਟਿਸ ਕੱਢ ਦਿੱਤੇ ਹਨ ਤੇ ਵਪਾਰੀਆਂ ਨੂੰ ਆਪਣਾ ਮਾਲ ਚੁੱਕਣ ਲਈ ਕਿਹਾ ਹੈ, ਹਾਲਾਂਕਿ ਵਪਾਰੀ ਇਨ੍ਹਾਂ ਨੋਟਿਸਾਂ ਤੋਂ ਬਾਅਦ ਵੀ ਮਾਲ ਚੁੱਕਣ ਨੂੰ ਤਿਆਰ ਨਹੀਂ ਹਨ।
ਅਟਾਰੀ ਤੇ ਅੰਮ੍ਰਿਤਸਰ ਦੇ 500 ਤੋਂ ਵੱਧ ਟਰੱਕ ਟਰਾਂਸਪੋਰਟਰ ਵੀ ਹੋਏ ਬੇਰੋਜ਼ਗਾਰ
ਭਾਰਤ-ਪਾਕਿ 'ਚ ਜਦੋਂ ਵੀ ਜੰਗ ਹੋਸ ਦਾ ਸਭ ਤੋਂ ਵੱਧ ਖਮਿਆਜ਼ਾ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਹੀ ਚੁਕਾਉਣਾ ਪੈਂਦਾ ਹੈ, ਹਾਲਾਂਕਿ ਪਾਕਿਸਤਾਨ ਨਾਲ 3 ਜੰਗਾਂ ਦਾ ਸਾਹਮਣਾ ਕਰ ਚੁੱਕੇ ਸਰਹੱਦੀ ਇਲਾਕਿਆਂ ਦੇ ਦਲੇਰ ਲੋਕ ਅੱਜ ਵੀ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਜੰਗ ਲੜਨ ਨੂੰ ਤਿਆਰ ਹਨ ਪਰ ਕੰਮਕਾਰ ਠੱਪ ਹੋਣ ਕਾਰਨ ਉਹ ਭਾਰੀ ਆਰਥਿਕ ਪ੍ਰੇਸ਼ਾਨੀ ਵਿਚ ਹਨ। ਆਈ. ਸੀ. ਪੀ. 'ਤੇ ਪਾਕਿਸਤਾਨ ਤੋਂ ਦਰਾਮਦ ਬੰਦ ਹੋਣ ਕਾਰਨ ਅਟਾਰੀ ਬਾਰਡਰ ਟਰੱਕ ਯੂਨੀਅਨ ਦੇ ਲਗਭਗ 200 ਤੋਂ ਵੱਧ ਟਰਾਂਸਪੋਰਟਰਾਂ ਸਮੇਤ 500 ਦੇ ਲਗਭਗ ਟਰੱਕ ਟਰਾਂਸਪੋਰਟਰ ਬੇਰੋਜ਼ਗਾਰ ਹੋ ਚੁੱਕੇ ਹਨ।
ਅਫਗਾਨਿਸਤਾਨ ਦਾ ਡਰਾਈਫਰੂਟ ਜਾਰੀ ਪਰ ਅਫਗਾਨੀ ਸੇਬ ਦੀ ਦਰਾਮਦ ਬੰਦ
ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੋਂ ਦਰਾਮਦ ਵਸਤੂਆਂ 'ਤੇ 200 ਫ਼ੀਸਦੀ ਡਿਊਟੀ ਲਾਏ ਜਾਣ ਨਾਲ ਪਾਕਿਸਤਾਨ ਵੱਲੋਂ ਹੋਣ ਵਾਲਾ ਦਰਾਮਦ ਤਾਂ ਆਈ. ਸੀ. ਪੀ. 'ਤੇ ਬੰਦ ਹੋ ਗਿਆ ਹੈ ਪਰ ਵਾਇਆ ਪਾਕਿਸਤਾਨ ਆਈ. ਸੀ. ਪੀ. ਅਟਾਰੀ ਦੇ ਰਸਤੇ ਆਉਣ ਵਾਲਾ ਅਫਗਾਨਿਸਤਾਨ ਦੇ ਡਰਾਈਫਰੂਟ ਦਾ ਦਰਾਮਦ ਹੁਣ ਵੀ ਜਾਰੀ ਹੈ ਕਿਉਂਕਿ ਅੰਤਰਰਾਸ਼ਟਰੀ ਸੁਲਾਹ ਦੇ ਤਹਿਤ ਪਾਕਿਸਤਾਨ ਅਫਗਾਨਿਸਤਾਨ ਵੱਲੋਂ ਆਉਣ ਵਾਲੇ ਮਾਲ ਨੂੰ ਰਸਤਾ ਦੇਣ ਲਈ ਪਾਬੰਦ ਹੈ, ਹਾਲਾਂਕਿ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਹੀ ਅਫਗਾਨੀ ਸੇਬ ਦੀਆਂ ਪੇਟੀਆਂ 'ਚ ਕਸਟਮ ਵਿਭਾਗ ਵੱਲੋਂ 33 ਕਿਲੋ ਸੋਨਾ ਫੜੇ ਜਾਣ ਤੋਂ ਬਾਅਦ ਅਫਗਾਨੀ ਸੇਬ ਦਾ ਦਰਾਮਦ ਬੰਦ ਹੋ ਗਿਆ ਹੈ ਤੇ ਕਿਸੇ ਵੀ ਵਪਾਰੀ ਨੇ ਅਫਗਾਨੀ ਸੇਬ ਦਾ ਦਰਾਮਦ ਪਿਛਲੇ 3 ਮਹੀਨਿਆਂ ਤੋਂ ਨਹੀਂ ਕੀਤਾ।
ਦੋਸਤੀ ਬੱਸਾਂ ਦਾ ਆਉਣਾ-ਜਾਣਾ ਵੀ ਜਾਰੀ
ਵਾਹਗਾ-ਅਟਾਰੀ ਬਾਰਡਰ ਦੇ ਰਸਤੇ ਭਾਰਤ ਤੇ ਪਾਕਿਸਤਾਨ 'ਚ ਚੱਲਣ ਵਾਲੀਆਂ ਦਿੱਲੀ-ਲਾਹੌਰ ਤੇ ਅੰਮ੍ਰਿਤਸਰ-ਨਨਕਾਣਾ ਸਾਹਿਬ ਦੋਸਤੀ ਬੱਸਾਂ ਦਾ ਆਉਣਾ-ਜਾਣਾ ਹੁਣ ਵੀ ਜਾਰੀ ਹੈ ਅਤੇ ਇਸ 'ਤੇ ਭਾਰਤ-ਪਾਕਿ ਤਣਾਅ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ।