ਹੱਥਾਂ 'ਤੇ ਸ਼ਗਨਾਂ ਦੀ ਮਹਿੰਦੀ ਲਾ ਬਾਰਾਤ ਉਡੀਕਦੀ ਰਹੀ ਲਾੜੀ, ਲਾੜਾ ਹੋਇਆ ਫਰਾਰ (ਵੀਡੀਓ)

11/30/2019 6:28:31 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੱਜ ਇਕ ਲਾੜੀ ਦੇ ਵਿਆਹ 'ਚ ਉਸ ਸਮੇਂ ਸਾਰੇ ਸ਼ਗਨ-ਵਿਹਾਰ ਅਧੂਰੇ ਰਹਿ ਗਏ, ਜਦੋਂ ਉਸ ਦਾ ਲਾੜਾ ਬਰਾਤ ਲੈ ਕੇ ਉਸ ਦੇ ਘਰ ਨਹੀਂ ਢੁੱਕਿਆ। ਹੱਥਾਂ 'ਤੇ ਸ਼ਗਨਾਂ ਦੀ ਮਹਿੰਗੀ ਲਾ ਕੇ ਆਪਣੇ ਲਾੜੇ ਦੀ ਕਾਫੀ ਉਡੀਕ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਲਾੜੀ ਥਾਣਾ ਵੂਮੈਨ ਸੈੱਲ ਪੁੱਜੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣਾ ਵਿਆਹ ਵਾਲਾ ਕਾਰਡ ਦਿਖਾਉਂਦਿਆਂ ਪੀੜਤ ਹਰਪ੍ਰੀਤ ਕੌਰ ਵਾਸੀ ਚੌਕ ਕਰੋੜੀ ਨੇ ਖੁਲਾਸਾ ਕੀਤਾ ਕਿ ਉਹ 3 ਸਾਲ ਤੋਂ ਮੋਹਿਤ ਸਹਿਗਲ ਨਾਲ ਰਿਲੈਸ਼ਨਸ਼ਿਪ 'ਚ ਸੀ, ਹੁਣ ਉਸ ਦੇ ਵਿਆਹ ਦੀ ਤਰੀਕ 30 ਨਵੰਬਰ ਨੂੰ ਤੈਅ ਹੋਈ। ਸਭ ਤਿਆਰੀਆਂ ਮੁਕੰਮਲ ਕਰਨ ਤੋਂ ਬਾਅਦ ਕਾਫੀ ਲੰਬਾ ਸਮਾਂ ਪੈਣ 'ਤੇ ਮੋਹਿਤ ਬਰਾਤ ਲੈ ਕੇ ਨਾ ਪੁੱਜਾ, ਜਦੋਂ ਮੋਹਿਤ ਦੇ ਘਰ ਜਾ ਕੇ ਦੇਖਿਆ ਤਾਂ ਉਥੇ ਤਾਲੇ ਲੱਗੇ ਹੋਏ ਸਨ ਤੇ ਉਸ ਦਾ ਪਰਿਵਾਰ ਗਾਇਬ ਸੀ।

ਲਾਹੌਰੀ ਗੇਟ ਸਥਿਤ ਥਾਣਾ ਵੂਮੈਨ ਸੈੱਲ 'ਚ ਆਪਣੇ ਪਰਿਵਾਰ ਨਾਲ ਪਹੁੰਚੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਦੇ ਦਾਜ-ਵਰੀ ਤੇ ਗਹਿਣਿਆਂ ਸਮੇਤ ਸਾਰਾ ਸਾਮਾਨ ਤਿਆਰ ਕੀਤਾ ਹੋਇਆ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਮੋਹਿਤ ਸਹਿਗਲ ਦੀ ਭੈਣ ਪਲਵੀ ਸਹਿਗਲ ਨੇ ਹੀ ਆਪਣੇ ਭਰਾ ਨਾਲ ਉਸ ਦੇ ਪ੍ਰੇਮ ਸਬੰਧ ਬਣਵਾਏ ਸਨ। ਇਸ ਤੋਂ ਬਾਅਦ ਮੋਹਿਤ ਨੇ ਉਸ ਦੀ ਇਕ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਉਸ ਦਾ ਕਈ ਵਾਰ ਸ਼ੋਸ਼ਣ ਵੀ ਕੀਤਾ। ਦੁਖੀ ਹੋ ਕੇ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਬੀਤੀ 23 ਜੁਲਾਈ ਨੂੰ ਮੋਹਿਤ ਦੇ ਪਿਤਾ ਸੁਨੀਲ ਸਹਿਗਲ ਨੇ ਮੋਹਤਬਰਾਂ 'ਚ ਬੈਠ ਕੇ ਇਕ ਇਕਰਾਰਨਾਮਾ ਕੀਤਾ ਕਿ ਉਸ ਦਾ ਵਿਆਹ 30 ਨਵੰਬਰ ਨੂੰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਅੱਜ ਉਹ ਅਹਿਮ ਮੌਕੇ ਤੋਂ ਮੁੱਕਰ ਗਏ। ਪੀੜਤ ਹਰਪ੍ਰੀਤ ਕੌਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਜੇਕਰ ਨਿਆਂ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ।

PunjabKesariਵਾਲਮੀਕਿ ਸਮਾਜ ਸੇਵੀ ਸੰਸਥਾ ਆਈ ਪੀੜਤਾ ਦੇ ਹੱਕ 'ਚ
ਪੀੜਤ ਹਰਪ੍ਰੀਤ ਕੌਰ ਨੂੰ ਇਨਸਾਫ ਦਿਵਾਉਣ ਵਾਲਮੀਕਿ ਸਮਾਜ ਸੇਵੀ ਸੰਸਥਾ ਉਸ ਦੇ ਹੱਕ 'ਚ ਆਈ। ਪ੍ਰਧਾਨ ਨਛੱਤਰ ਸ਼ੇਰਗਿੱਲ ਨੇ ਕਿਹਾ ਕਿ ਅੱਜ ਜੋ ਵੀ ਲੜਕੇ ਵਾਲਿਆਂ ਨੇ ਕੀਤਾ, ਨਿੰਦਣਯੋਗ ਹੈ। ਲੜਕੇ ਵਾਲਿਆਂ ਨੇ ਘਰ 'ਚ ਇਕ ਟਿਊਸ਼ਨ ਸੈਂਟਰ ਬਣਾਇਆ ਹੋਇਆ ਸੀ, ਜਿਥੇ ਹਰਪ੍ਰੀਤ ਕੌਰ ਟਿਊਸ਼ਨ ਪੜ੍ਹਨ ਆਉਂਦੀ ਸੀ। ਇਸ ਦੌਰਾਨ ਮੋਹਿਤ ਸਹਿਗਲ ਦੀ ਭੈਣ ਨੇ ਦੋਵਾਂ ਦੀ ਗੱਲਬਾਤ ਕਰਵਾ ਦਿੱਤੀ, ਹੁਣ ਵਿਆਹ ਦਾ ਸਮਾਂ ਆਉਣ 'ਤੇ ਲੜਕੇ ਵਾਲਿਆਂ ਵਲੋਂ ਮੁੱਕਰ ਜਾਣ 'ਤੇ ਅੱਜ ਉਹ ਲੜਕੀ ਨੂੰ ਇਨਸਾਫ ਦਿਵਾਉਣ ਲਈ ਪੁੱਜੇ ਹਨ।

ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਹਰਪ੍ਰੀਤ ਕੌਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਮਾਮਲੇ ਦਾ ਅਸਲ ਖੁਲਾਸਾ ਹੋ ਸਕੇਗਾ।


Baljeet Kaur

Content Editor

Related News