ਜਲੰਧਰ ''ਚ 180 ਰੁਪਏ ਦੀ ਨਾਨ ਦੀ ਪਲੇਟ ਪਿੱਛੇ ਪੈ ਗਿਆ ਰੌਲ਼ਾ! ਚੱਲੇ ਘਸੁੰਨ-ਮੁੱਕੇ, ਵੇਖੋ ਮੌਕੇ ਦੀ ਵੀਡੀਓ
Tuesday, Aug 04, 2026 - 07:15 PM (IST)
ਜਲੰਧਰ (ਸੋਨੂੰ): ਜਲੰਧਰ ਬੱਸ ਸਟੈਂਡ ਨੇੜੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਨਾਨ ਖਾਣ ਆਏ ਗਾਹਕ ਦਾ ਢਾਬਾ ਚਾਲਕ ਨਾਲ ਵਿਵਾਦ ਹੋ ਗਿਆ। ਦੋਹਾਂ ਵਿਚ ਵਿਵਾਦ ਇੰਨਾ ਵਧ ਗਿਆ ਕਿ ਗਾਹਕ ਤੇ ਦੁਕਾਨਦਾਰ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਲੱਤਾਂ-ਮੁੱਕੇ ਵੀ ਚੱਲੇ।
ਜਾਣਕਾਰੀ ਮੁਤਾਬਕ, ਊਨਾ ਦਾ ਇਕ ਨੌਜਵਾਨ ਅੰਮ੍ਰਿਤਸਰ ਤੋਂ ਵਾਪਸ ਊਨਾ ਜਾ ਰਿਹਾ ਸੀ। ਮੁੰਡੇ ਨੇ ਬੱਸ ਸਟੈਂਡ ਨੇੜੇ ਸਥਿਤ ਗਿਆਨੀ ਦਾ ਢਾਬਾ 'ਤੇ ਨਾਨ ਖਾਧੇ ਸਨ। ਨਾਨ ਖਾਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਪੁੱਛੇ ਤਾਂ ਦੁਕਾਨਦਾਰ ਨੇ ਇਕ ਪਲੇਟ ਨਾਨ ਦੇ 180 ਰੁਪਏ ਦੱਸੇ। ਗਾਹਕ ਨੇ ਜਦੋਂ ਮਹਿੰਗੇ ਭਾਅ ਲਗਾਉਣ ਬਾਰੇ ਗੱਲ ਕੀਤੀ ਤਾਂ ਦੋਹਾਂ ਵਿਚਾਲੇ ਵਿਵਾਦ ਹੋ ਗਿਆ। ਦੁਕਾਨਦਾਰ ਅਤੇ ਗਾਹਕ ਸੜਕ ਵਿਚਾਲੇ ਹੱਥੋਪਾਈ ਕਰਨ ਲੱਗ ਪਏ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਸਭ ਦੀਆਂ ਵੀਡੀਓਜ਼ ਵੀ ਬਣਾ ਲਈਆਂ।
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਦੁਕਾਨਦਾਰ ਗਾਹਕ ਦੇ ਇਕ ਤੋਂ ਬਾਅਦ ਇਕ ਕਈ ਵਾਰ ਥੱਪੜ ਜੜ ਰਿਹਾ ਹੈ। ਵਿਵਾਦ ਮਗਰੋਂ ਦੋਵੇਂ ਧਿਰਾਂ ਥਾਣੇ ਵਿਚ ਸ਼ਿਕਾਇਤ ਦੇਣ ਪਹੁੰਚੀਆਂ। ਪੁਲਸ ਵੱਲੋਂ ਦੋਹਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਉਸ ਮੁਤਾਬਕ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਗਾਹਕ ਦਾ ਕਹਿਣਾ ਹੈ ਕਿ ਹੱਥੋਪਾਈ ਕਾਰਨ ਉਸ ਦੇ ਮੱਥੇ 'ਤੇ ਸੱਟ ਲੱਗੀ ਹੈ।
ਦੂਜੇ ਪਾਸੇ ਦੁਕਾਨਦਾਰ ਹਰਜਿੰਦਰ ਸਿੰਘ ਨੇ ਕਿਹਾ ਕਿ ਉਕਤ ਗਾਹਕ ਨੇ 2 ਨਾਨ ਖਾਧੇ ਸਨ ਤੇ ਜਦੋਂ ਉਸ ਨੇ ਪੈਸੇ ਮੰਗੇ ਤਾਂ ਉਹ ਲੜਾਈ ਕਰਨ ਲੱਗ ਪਿਆ। ਉਸ ਨੇ ਦੋਸ਼ ਲਗਾਇਆ ਕਿ ਗਾਹਕ ਨੇ ਉਸ ਦੇ ਕੱਪੜੇ ਵੀ ਫਾੜ ਦਿੱਤੇ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਗਾਹਕ ਨੇ ਨਸ਼ਾ ਕੀਤਾ ਹੋਇਆ ਸੀ। ਦੁਕਾਨ 'ਤੇ ਰੇਟ ਲਿਸਟ ਨਾ ਲਗਾਏ ਜਾਣ ਬਾਰੇ ਪੁੱਛੇ ਜਾਣ 'ਤੇ ਦੁਕਾਨਦਾਰ ਨੇ ਕਿਹਾ ਕਿ ਇੱਥੇ ਕਿਸੇ ਨੇ ਵੀ ਰੇਟ ਲਿਸਟ ਨਹੀਂ ਲਗਾਈ।
