ਲੀਡ ..ਕੂਡ਼ੇ ਦੇ ਡੰਪ ਨੂੰ 6 ਮਹੀਨਿਆਂ ’ਚ ਚੁੱਕਣ ਦਾ ਐਲਾਨ ਸਿਰਫ ਚੋਣ ਸਟੰਟ : ਤਲਬੀਰ ਗਿੱਲ
Tuesday, Jan 29, 2019 - 10:31 AM (IST)

ਅੰਮ੍ਰਿਤਸਰ (ਛੀਨਾ)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਭਗਤਾਂ ਵਾਲਾ ਕੂਡ਼ੇ ਦੇ ਡੰਪ ਨੂੰ 6 ਮਹੀਨਿਆਂ ’ਚ ਚੁੱਕਣ ਦੇ ਕੀਤੇ ਗਏ ਐਲਾਨ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਕੂਡ਼ੇ ਦੇ ਡੰਪ ਨੂੰ 6 ਮਹੀਨਿਆਂ ਦੀ ਬਜਾਏ 3 ਮਹੀਨਿਆਂ ’ਚ ਕਿਉ ਨਹੀਂ ਚੁੱਕਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਇਸ ਡੰਪ ਨੂੰ 6 ਮਹੀਨਿਆਂ ’ਚ ਚੁੱਕਣ ਦਾ ਐਲਾਨ ਕਰ ਰਹੇ ਹਨ ਤੇ ਚੋਣਾਂ ਲੰਘਦਿਆਂ ਹੀ ਇਨਾਂ ਲੀਡਰਾਂ ਨੂੰ ਡੰਪ ਅਤੇ ਡੰਪ ਕਾਰਨ ਲੋਕਾਂ ਨੂੰ ਆ ਰਹੀਆਂ ਸਭ ਮੁਸ਼ਕਲਾਂ ਭੁੱਲ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਡੰਪ ਦੇ ਮੁੱਦੇ ’ਤੇ ਰਾਜਨੀਤੀ ਕਰ ਕੇ ਵਿਧਾਇਕ ਬਣਨ ਵਾਲੇ ਹਲਕੇ ਦੇ ਕਾਂਗਰਸੀ ਲੀਡਰ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਤੁਸੀਂ ਲੋਕਾਂ ਨਾਲ ਇਸ ਡੰਪ ਨੂੰ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਚੁੱਕਣ ਦਾ ਵਾਅਦਾ ਕੀਤਾ ਸੀ ਤੇ ਹੁਣ ਸੂਬੇ ’ਚ ਕਾਂਗਰਸ ਦੀ ਸਰਕਾਰ ਬਣੀ ਨੂੰ ਕਰੀਬ 2 ਸਾਲ ਦਾ ਸਮਾਂ ਹੋ ਚੱਲਿਆ ਹੈ ਤੇ ਅਜੇ ਤੱਕ ਡੰਪ ਉਥੇ ਦਾ ਉਥੇ ਹੀ ਹੈ ਜਿਸ ਨੇ ਲੋਕਾਂ ਦੀ ਜ਼ਿੰਦਗੀ ਨਰਕ ਨਾਲੋਂ ਵੀ ਬਦਤਰ ਬਣਾ ਦਿੱਤੀ ਹੈ ਤੇ ਤੁਸੀਂ ਹੁਣ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਫਿਰ 6 ਮਹੀਨਿਆਂ ’ਚ ਡੰਪ ਨੂੰ ਚੁੱਕਣ ਦਾ ਐਲਾਨ ਕਰ ਦਿੱਤਾ ਹੈ ਲੋਕ ਤੁਹਾਡੀ ਗੱਲ ’ਤੇ ਕਿਵੇਂ ਭਰੋਸਾ ਕਰਨ। ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਦੇ ਸੂਝਵਾਨ ਵੋਟਰ ਕਾਂਗਰਸੀਆਂ ਦੀਆਂ ਫਰੇਬੀ ਗੱਲਾਂ ’ਚ ਆਉਣ ਵਾਲੇ ਨਹੀਂ ਕਿਉਂਕਿ ਉਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਇਹ ਸਭ ਉਨ੍ਹਾਂ ਦੀਆਂ ਵੋਟਾਂ ਬਟੋਰਨ ਲਈ ਹੀ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਸਦਕਾ ਇਸ ਵਾਰ ਕਾਂਗਰਸੀ ਆਪਣੀਆਂ ਫਰੇਬੀ ਸਕੀਮਾਂ ’ਚ ਸਫਲ ਨਹੀਂ ਹੋ ਸਕਣਗੇ। ਸ.ਗਿੱਲ ਨੇ ਕਿਹਾ ਕਿ ਹਲਕਾ ਦੱਖਣੀ ਦੇ ਨਿਵਾਸੀਆਂ ਨੂੰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਸੂਬੇ ’ਚ ਅਕਾਲੀ ਸਰਕਾਰ ਬਣਦਿਆਂ ਹੀ ਇਸ ਕੂਡ਼ੇ ਦੇ ਡੰਪ ਨੂੰ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ ਕਿਉਂਕਿ ਇਸ ਕੂਡ਼ੇ ਦੇ ਡੰਪ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿਤਾ ਹੈ।