ਪਤਨੀ ਅਤੇ ਸਹੁਰਿਆਂ ਤੋਂ ਸਤਾਇਆ ਪਤੀ ਘਰੋਂ ਨਿਕਲਿਆ
Monday, Mar 16, 2020 - 10:01 AM (IST)
ਅੰਮ੍ਰਿਤਸਰ (ਅਣਜਾਣ) : ਪਤੀ-ਪਤਨੀ ਦੇ ਕਲੇਸ਼ ਤੋਂ ਤੰਗ ਆ ਕੇ ਮੰਦਰ ਵਾਲੀ ਗਲੀ ਪੀਰਾਂ ਵਾਲਾ ਬਾਜ਼ਾਰ ਦੇ ਗੁਰਪ੍ਰੀਤ ਸਿੰਘ ਨੂੰ ਘਰੋਂ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪ੍ਰੀਤ ਦੇ ਪਿਤਾ ਜਸਵਿੰਦਰ ਸਿੰਘ ਤੇ ਮਾਤਾ ਸੁਖਬੀਰ ਕੌਰ ਵਾਸੀ ਪ੍ਰੀਤਮ ਨਗਰ ਨੇ ਦੱਸਿਆ ਕਿ ਸਾਡੇ ਲੜਕੇ ਦਾ ਵਿਆਹ ਪਿੰਡ ਚੱਬਾ ਵਾਸੀ ਗੁਰਵਿੰਦਰ ਕੌਰ (ਕਾਲਪਨਿਕ ਨਾਂ) ਨਾਲ ਹੋਇਆ ਸੀ। ਨੂੰਹ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪਹਿਲੇ ਦਿਨ ਤੋਂ ਹੀ ਘਰ 'ਚ ਕਲੇਸ਼ ਪਾ ਰੱਖਿਆ ਸੀ। ਉਸ ਦੇ ਮਾਤਾ-ਪਿਤਾ ਉਸ ਨੂੰ ਵਸਣ ਨਹੀਂ ਦਿੰਦੇ ਸਨ, ਸਮਝਾਉਣ ਦੇ ਬਾਵਜੂਦ ਨੂੰਹ ਨਹੀਂ ਸਮਝੀ।
ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਆਖਿਰਕਾਰ ਤਕਰੀਬਨ 7 ਮਹੀਨੇ ਪਹਿਲਾਂ ਮੈਂ ਆਪਣੇ ਲੜਕੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਨੂੰ ਮੰਦਰ ਵਾਲਾ ਬਾਜ਼ਾਰ ਗਲੀ ਪੀਰਾਂ ਵਾਲੀ ਲਾਗੇ ਵੱਖਰਾ ਕਿਰਾਏ 'ਤੇ ਮਕਾਨ ਲੈ ਦਿੱਤਾ ਤਾਂ ਕਿ ਇਹ ਰਾਜ਼ੀ-ਖੁਸ਼ੀ ਵਸਣ ਪਰ ਉਥੇ ਵੀ ਮੇਰੀ ਨੂੰਹ ਨੇ ਕੋਈ ਕਸਰ ਨਹੀਂ ਛੱਡੀ ਤੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਮਹਿਲਾ ਮੰਡਲ 'ਚ ਗੁਰਪ੍ਰੀਤ ਖਿਲਾਫ਼ ਦਰਖਾਸਤ ਦੇ ਦਿੱਤੀ ਕਿ ਉਸ ਨੇ ਮੇਰੇ ਪਰਿਵਾਰ ਵਾਲਿਆਂ ਕੋਲੋਂ 20 ਲੱਖ ਰੁਪਏ ਮੰਗੇ ਹਨ। 2 ਦਿਨ ਪਹਿਲਾਂ ਕੁਝ ਮੋਹਤਬਰਾਂ ਨੇ ਆਪਣੀ ਸੁਲਾਹ-ਸਫ਼ਾਈ ਨਾਲ ਫਿਰ ਮੇਰੀ ਨੂੰਹ ਨੂੰ ਆਪਣੇ ਸਹੁਰੇ ਘਰ ਰਹਿਣ ਲਈ ਮਨਾ ਲਿਆ। ਮੇਰੀ ਨੂੰਹ ਨੇ ਕਿਰਾਏ 'ਤੇ ਲੈ ਕੇ ਦਿੱਤੇ ਮਕਾਨ 'ਚ 2 ਦਿਨ ਰਹਿਣ ਤੋਂ ਬਾਅਦ ਫਿਰ ਕਲੇਸ਼ ਪਾ ਦਿੱਤਾ।
ਗੁਰਪ੍ਰੀਤ ਸਿੰਘ ਦਾ ਡੇਢ ਸਾਲ ਦਾ ਬੱਚਾ ਸੁਲਤਾਨ ਵੀ ਸਾਡੇ ਕੋਲ ਹੈ। ਤੰਗ ਆ ਕੇ ਗੁਰਪ੍ਰੀਤ ਸਿੰਘ ਨੇ ਸੁਸਾਈਡ ਨੋਟ ਲਿਖਿਆ ਕਿ ਮੈਂ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਚੱਲਾ ਹਾਂ ਤੇ ਘਰੋਂ ਨਿਕਲ ਗਿਆ। ਅੱਜ ਸਵੇਰ ਤੋਂ ਉਸ ਦਾ ਫੋਨ ਬੰਦ ਆ ਰਿਹਾ ਹੈ। ਮੈਂ ਆਪਣੇ ਰਿਸ਼ਤੇਦਾਰਾਂ ਅਤੇ ਵਾਕਿਫ਼ਕਾਰਾਂ ਤੋਂ ਵੀ ਪੁੱਛ ਬੈਠਾ ਹਾਂ ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਇਸ ਦੀ ਦਰਖਾਸਤ ਮੈਂ ਥਾਣਾ ਬੀ-ਡਵੀਜ਼ਨ 'ਚ ਦੇ ਦਿੱਤੀ ਹੈ। ਜਸਵਿੰਦਰ ਸਿੰਘ ਤੇ ਸੁਖਬੀਰ ਕੌਰ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਪੁੱਤ ਦੀ ਜਾਨ ਬਚਾਈ ਜਾਵੇ।
ਮੈਂ ਖੁਦ ਗੁਰਪ੍ਰੀਤ ਸਿੰਘ ਤੋਂ ਤੰਗ ਹਾਂ : ਪਤਨੀ
ਗੁਰਪ੍ਰੀਤ ਸਿੰਘ ਦੀ ਪਤਨੀ ਨਾਲ ਜਦ ਫੋਨ 'ਤੇ ਗੱਲ ਕੀਤੀ ਗਈ ਤਾਂ ਉਸ ਨੇ ਸਾਰੇ ਦੋਸ਼ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਗੁਰਪ੍ਰੀਤ ਸਿੰਘ ਅੱਧੀ-ਅੱਧੀ ਰਾਤ ਤੱਕ ਘਰ ਨਹੀਂ ਆਉਂਦਾ, ਮੈਨੂੰ ਤੰਗ-ਪ੍ਰੇਸ਼ਾਨ ਵੀ ਕਰਦਾ ਰਹਿੰਦਾ ਹੈ। ਜਦ ਥਾਣਾ ਬੀ-ਡਵੀਜ਼ਨ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਾਲਿਆਂ ਦੀ ਦਰਖਾਸਤ ਆਉਣ 'ਤੇ ਤੁਰੰਤ ਸਬੰਧਤ ਥਾਣਿਆਂ 'ਚ ਉਸ ਦੀ ਭਾਲ ਲਈ ਵਾਇਰਲੈੱਸ ਕਰ ਦਿੱਤੀ ਗਈ ਹੈ।