ਵਿਆਹ ''ਚ ਸ਼ਰਾਬ ਨਾ ਮਿਲਣ ''ਤੇ ਪਿਆ ਭੜਥੂ, ਕੱਢੀਆਂ ਗਾਲ੍ਹਾਂ
Thursday, Jan 23, 2020 - 01:33 PM (IST)
ਅੰਮ੍ਰਿਤਸਰ (ਜ. ਬ.) : ਵਿਆਹ ਸਮਾਰੋਹ 'ਚ ਸ਼ਰਾਬ ਨਾ ਮਿਲਣ 'ਤੇ ਜੰਮ ਕੇ ਰੌਲਾ ਪਾਉਣ ਅਤੇ ਗਾਲੀ-ਗਲੋਚ ਕਰਨ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਨੇ ਰਿੰਕੀ ਬੱਬਰ, ਅਰੁਣ ਬੱਬਰ, ਅੰਮ੍ਰਿਤ ਬੱਬਰ ਵਾਸੀ ਮੇਨ ਬਾਜ਼ਾਰ ਦੀਨਾ ਨਗਰ, ਬਾਨੂ ਵਾਸੀ ਪਠਾਨਕੋਟ ਅਤੇ ਇਨ੍ਹਾਂ ਦੇ 3 ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਾਲ ਵਰਮਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪਿਛਲੀ ਰਾਤ ਉਸ ਦੇ ਅੰਕਲ ਕਪਿਲ ਵਰਮਾ ਦੀ ਬੇਟੀ ਦਾ ਵਿਆਹ ਸਮਾਰੋਹ ਮਹਾਰਾਜਾ ਵਿਆਹ ਪੈਲੇਸ 'ਚ ਚੱਲ ਰਿਹਾ ਸੀ, ਰਾਤ ਡੇਢ ਵਜੇ ਦੇ ਕਰੀਬ ਨਸ਼ੇ 'ਚ ਧੁੱਤ ਉਕਤ ਮੁਲਜ਼ਮ ਹੋਰ ਸ਼ਰਾਬ ਦੀ ਮੰਗ ਕਰਨ ਲੱਗੇ, ਜਦੋਂ ਉਸ ਨੇ ਮੁਲਜ਼ਮਾਂ ਨੂੰ ਕਿਹਾ ਕਿ ਖਾਣ ਤੋਂ ਬਾਅਦ ਉਹ ਉਨ੍ਹਾਂ ਨੂੰ ਸ਼ਰਾਬ ਲਿਆ ਕੇ ਦੇਵੇਗਾ ਤਾਂ ਮੁਲਜ਼ਮਾਂ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਉਸ ਦੇ ਅੰਕਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਨ੍ਹਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਦੌਰਾਨ ਉਸ ਦੀ ਡੇਢ ਲੱਖ ਦੀ ਘੜੀ ਡਿੱਗ ਪਈ, ਜਿਸ ਨੂੰ ਉਕਤ ਅੰਮ੍ਰਿਤ ਬੱਬਰ ਚੋਰੀ ਕਰ ਕੇ ਲੈ ਗਿਆ। ਮੁਲਜ਼ਮਾਂ ਨੇ ਉਨ੍ਹਾਂ ਦੇ ਸਮਾਰੋਹ 'ਚ ਖਲਲ ਪਾਇਆ, ਜਦੋਂ ਉਨ੍ਹਾਂ ਦਾ ਪਰਿਵਾਰ ਇਕੱਠਾ ਹੋਣ ਲੱਗਾ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।