ਅਮਰੀਕਾ ''ਚ ਇਕ ਮਹੀਨੇ ''ਚ ਦੋ ਸਿੱਖਾਂ ਦੇ ਕਤਲ ਕਾਰਨ ਪੰਜਾਬੀ ਭਾਈਚਾਰੇ ''ਚ ਰੋਸ

Sunday, Sep 29, 2019 - 03:15 PM (IST)

ਅਮਰੀਕਾ ''ਚ ਇਕ ਮਹੀਨੇ ''ਚ ਦੋ ਸਿੱਖਾਂ ਦੇ ਕਤਲ ਕਾਰਨ ਪੰਜਾਬੀ ਭਾਈਚਾਰੇ ''ਚ ਰੋਸ

ਅੰਮ੍ਰਿਤਸਰ (ਸੁਮਿਤ ਖੰਨਾ) : ਅਜੋਕੇ ਦੌਰ 'ਚ ਜਿੱਥੇ ਪੰਜਾਬੀ ਭਾਈਚਾਰਾ ਦੁਨੀਆ ਭਰ 'ਚ ਆਪਣੀ ਵਧੀਆ ਕਾਰਗੁਜ਼ਾਰੀ ਅਤੇ ਉਲਬੱਧੀਆਂ ਨਾਲ ਬੜੇ ਫਖਰ ਅਤੇ ਮਾਣ ਨਾਲ ਸਿੱਖਾਂ, ਸਿੱਖੀ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰ ਰਿਹਾ ਹੈ, ਉੱਥੇ ਹੀ ਆਏ ਦਿਨ ਸਿੱਖਾਂ 'ਤੇ ਹੋ ਰਹੇ ਹਮਲਿਆਂ ਕਾਰਣ ਦੁਨੀਆ ਭਰ ਦੇ ਸਮੂਹ ਪੰਜਾਬੀ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ।ਕਰੀਬ ਇਕ ਮਹੀਨਾ ਪਹਿਲਾਂ ਅਮਰੀਕਾ 'ਚ ਪਰਮਜੀਤ ਸਿੰਘ ਨਾਮੀ ਬਜ਼ੁਰਗ ਦੇ ਕਤਲ ਦਾ ਮਾਮਲਾ ਹਾਲੇ ਠੰਢਾ ਨਹੀਂ ਸੀ ਕਿ ਸ਼ੁੱਕਰਵਾਰ ਮੁੜ ਤੋਂ ਅਮਰੀਕਾ 'ਚ ਨੌਕਰੀ ਕਰਨ ਵਾਲੇ ਪਹਿਲੇ ਸਿੱਖ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੀ ਡਿਊਟੀ ਦੌਰਾਨ ਇਕ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲਾਂਕਿ ਉਕਤ ਮਾਮਲੇ 'ਚ ਪੁਲਸ ਵਲੋਂ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਸੰਦੀਪ ਸਿੰਘ ਧਾਲੀਵਾਲ ਦੇ ਜਾਣ ਨਾਲ ਸਮੂਹ ਸਿੱਖ ਭਾਈਚਾਰੇ ਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਕਾਰਣ ਜ਼ਿਲਾ ਕਪੂਰਥਲਾ 'ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਵਿਖੇ ਸੋਗ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਦੇ ਜੱਦੀ ਪਿੰਡ 'ਚ ਤਾਇਆ ਕਰਤਾਰ ਸਿੰਘ ਦਾ ਘਰ ਹੈ ਜੋ ਕਿ ਫੌਜ 'ਚੋਂ ਰਿਟਾਇਰਡ ਹਨ ਤੇ ਹੁਣ ਖੇਤੀਬਾੜੀ ਕਰਦੇ ਹਨ ਜਦਕਿ ਸੰਦੀਪ ਸਿੰਘ ਦਾ ਪਰਿਵਾਰ ਅਮਰੀਕਾ 'ਚ ਹੀ ਹੈ।

ਜਾਣਕਾਰੀ ਮੁਤਾਬਕ ਸੰਦੀਪ ਸਿੰਘ ਦੇ ਮਾਤਾ ਸਲਵਿੰਦਰ ਕੌਰ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਪਿਤਾ ਪਿਆਰਾ ਸਿੰਘ ਜੋਕਿ ਨੇਵੀ 'ਚ ਨੌਕਰੀ ਕਰਦੇ ਸਨ ਤੇ ਰਿਟਾਇਰਮੈਂਟ ਉਪਰੰਤ ਉਹ ਵੀ ਅਮਰੀਕਾ ਚਲੇ ਗਏ ਸਨ। ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਦੀਪ ਸਿੰਘ ਦਾ ਪਰਿਵਾਰ ਗੁਰੂ ਘਰ ਦਾ ਬਹੁਤ ਪ੍ਰੇਮੀ ਸੀ ਅਤੇ ਪਿੰਡ ਦੇ ਕਿਸੇ ਵੀ ਕੰਮ ਲਈ ਹਮੇਸ਼ਾਂ ਮੋਹਰਲੀ ਕਤਾਰ ਚ ਉਨ੍ਹਾਂ ਦਾ ਪਰਿਵਾਰ ਖੜਾ ਹੁੰਦਾ ਸੀ। ਸੰਦੀਪ ਸਿੰਘ ਧਾਲੀਵਾਲ ਦੀ ਮੌਤ 'ਤੇ ਵਿਦੇਸ਼ ਮੰਤਰੀ ਜੈ ਸ਼ੰਕਰ ਵਲੋਂ ਟਵੀਟ ਕਰਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵਲੋਂ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦੇ ਮਾਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਨ ਤੋਂ ਇਲਾਵਾ ਸਮੂਹ ਸਿੱਖ ਭਾਈਚਾਰੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਸਰਕਾਰਾਂ ਕੋਲੋਂ ਮੰਗ ਕੀਤੀ ਗਈ ਹੈ ਕਿ ਵਿਦੇਸ਼ਾਂ ਚ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
 


author

Baljeet Kaur

Content Editor

Related News