ਸ਼੍ਰੋਮਣੀ ਕਮੇਟੀ ਦਾ ਬਜਟ ਅੱਜ ਹੋਵੇਗਾ ਪੇਸ਼
Saturday, Mar 30, 2019 - 09:45 AM (IST)
ਅੰਮ੍ਰਿਤਸਰ(ਦੀਪਕ) : 30 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬਜਟ ਅਜਲਾਸ ਵਿਚ ਸ਼੍ਰੋਮਣੀ ਕਮੇਟੀ ਦਾ ਸਾਲ 2019-20 ਦਾ ਸਾਲਾਨਾ ਬਜਟ ਪੇਸ਼ ਕੀਤਾ ਜਾਵੇਗਾ। ਪਿਛਲੇ ਸਾਲ ਸ਼੍ਰੋਮਣੀ ਕਮੇਟੀ ਵੱਲੋਂ 11 ਅਰਬ 56 ਕਰੋੜ 64 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ ਪਰ ਇਸ ਵਾਰ ਇਹ ਬਜਟ 12 ਅਰਬ ਰੁਪਏ ਤੋਂ ਵਧ ਪੇਸ਼ ਹੋਣ ਦੀ ਸੰਭਾਵਨਾ ਹੈ।
ਇਸ ਬਜਟ ਵਿਚ ਗੁਰਦੁਆਰਾ ਸਾਹਿਬਾਨ ਸੈਕਸ਼ਨ 85 ਤਹਿਤ ਪ੍ਰਬੰਧ ਵਾਲੇ ਗੁਰਦੁਅਰਾ ਸਾਹਿਬਾਨ, ਜਨਰਲ ਬੋਰਡ ਫੰਡ, ਟਰੱਸਟ ਫੰਡ, ਵਿੱਦਿਆ ਫੰਡ, ਧਰਮ ਪ੍ਰਚਾਰ ਕਮੇਟੀ, ਵਿਦਿਅਕ ਅਦਾਰੇ ਅਤੇ ਪ੍ਰਿੰਟਿੰਗ ਪ੍ਰੈਸ, ਕੈਂਸਰ ਪੀੜਤਾਂ ਲਈ ਸਹਾਇਤਾ, ਪਛੜੇ ਇਲਾਕਿਆਂ ਵਿਚ ਮੁੱਢਲੀਆਂ ਮੈਡੀਕਲ ਸਹੂਲਤਾਂ ਦੇਣ ਦੇ ਖਰਚੇ ਤੋਂ ਇਲਾਵਾ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਰਚਿਆਂ ਦਾ ਵੇਰਵਾ ਰੱਖਿਆ ਜਾਵੇਗਾ। ਇਸ ਬਜਟ ਦੇ ਅਜਲਾਸ ਦੌਰਾਨ ਬਜਟ ਪੇਸ਼ ਹੋਣ ਉਪਰੰਤ ਪ੍ਰਧਾਨ ਭਾਈ ਲੌਂਗੋਵਾਲ ਕੁਝ ਮਤੇ ਵੀ ਪੇਸ਼ ਕਰਨਗੇ।