ਸ਼੍ਰੋਮਣੀ ਕਮੇਟੀ ਦੇ ਫਾਰਗ ਮੁਲਾਜ਼ਮਾਂ ਵੱਲੋਂ 20 ਤੋਂ ਮਰਨ ਵਰਤ ''ਤੇ ਬੈਠਣ ਦਾ ਐਲਾਨ
Sunday, Oct 14, 2018 - 09:25 AM (IST)

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਕਮੇਟੀ 'ਚੋਂ ਬੇਨਿਯਮੀਆਂ ਦਾ ਬਹਾਨਾ ਬਣਾ ਕੇ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਨੇ ਹੁਣ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾਉਂਦਿਆਂ 20 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਮਰਨ ਵਰਤ 'ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਸਿੰਘ, ਸੁਖਮੰਦਰ ਸਿੰਘ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਫਾਰਗ ਮੁਲਾਜ਼ਮ ਆਪਣੀ ਨੌਕਰੀ ਬਹਾਲ ਕਰਵਾਉਣ ਲਈ ਹੁਣ ਤੱਕ 2 ਵਾਰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨੇ 'ਤੇ ਬੈਠ ਚ, ਜਿਨ੍ਹਾਂ ਨੂੰ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਇਕ ਸਕੱਤਰ ਨੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰ ਕੇ ਜਲਦ ਨੌਕਰੀ ਬਹਾਲ ਕਰਵਾਉਣ ਦਾ ਭਰੋਸਾ ਦਿਵਾਇਆ ਸੀ ਤੇ ਦੂਜੀ ਵਾਰ ਸਬ-ਕਮੇਟੀ ਬਣਾ ਕੇ ਸਾਨੂੰ ਭਰੋਸੇ 'ਚ ਲੈ ਲਿਆ ਗਿਆ ਸੀ, ਜਿਸ ਦੀ ਪਹਿਲੀ ਮੀਟਿੰਗ ਬੇਸਿੱਟਾ ਰਹੀ ਤੇ ਦੂਜੀ ਮੀਟਿੰਗ 13 ਅਕਤੂਬਰ ਨੂੰ ਰੱਖੀ ਗਈ ਸੀ, ਜਿਹੜੀ ਕਿ ਭਰੋਸੇਯੋਗ ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਇਕ ਸਾਜ਼ਿਸ਼ ਤਹਿਤ ਰੱਦ ਕਰਵਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਪਹਿਲਾਂ ਸਾਨੂੰ ਨੌਕਰੀ ਤੋਂ ਕੱਢ ਕੇ ਸਾਡੇ ਨਾਲ ਭਾਰੀ ਧ੍ਰੋਹ ਕਮਾਇਆ ਤੇ ਫਿਰ ਸਾਨੂੰ 2 ਵਾਰ ਧਰਨੇ ਤੋਂ ਉਠਾ ਕੇ ਸਾਡੇ ਨਾਲ ਧੋਖਾ ਕੀਤਾ ਪਰ ਹੁਣ ਅਸੀਂ ਕਿਸੇ ਦੀਆਂ ਵੀ ਝੂਠੀਆਂ ਗੱਲਾਂ 'ਚ ਆਉਣ ਵਾਲੇ ਨਹੀਂ। ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਅਹੁਦੇਦਾਰ, ਮੈਂਬਰ ਸਾਹਿਬਾਨ ਤੇ ਅਧਿਕਾਰੀ ਫਾਰਗ ਮੁਲਾਜ਼ਮਾਂ ਨੂੰ ਨੌਕਰੀ 'ਤੇ ਬਹਾਲ ਕਰਨ ਲਈ ਸਹਿਮਤ ਹਨ ਪਰ ਰਘੂਜੀਤ ਸਿੰਘ ਵਿਰਕ ਇਸ ਗੱਲ ਦਾ ਸਖਤ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸ. ਵਿਰਕ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਆਖਿਰ ਸਾਡਾ ਕਸੂਰ ਕੀ ਹੈ, ਤੁਸੀਂ ਸਾਡੀ ਨੌਕਰੀ ਖੋਹ ਕੇ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਭੁੱਖੇ ਕਿਉਂ ਮਾਰਨਾ ਚਾਹੁੰਦੇ ਹੋ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਸਾਡੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਬੱਚਿਆਂ ਦੀਆਂ ਫੀਸਾਂ ਜਮ੍ਹਾ ਨਾ ਹੋ ਸਕਣ ਕਾਰਨ ਸਕੂਲ ਵਾਲਿਆਂ ਨੇ ਬੱਚਿਆਂ ਦੀ ਐਂਟਰੀ ਬੰਦ ਕਰ ਦਿੱਤੀ ਹੈ, 2 ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਸਾਡੇ 'ਤੇ ਕੋਈ ਤਰਸ ਨਹੀਂ ਆ ਰਿਹਾ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਇਸ ਵਾਰ ਦਾ ਸੰਘਰਸ਼ ਪਹਿਲਾਂ ਵਾਂਗ ਹੀ ਸ਼ਾਂਤਮਈ ਢੰਗ ਨਾਲ ਆਰੰਭਿਆ ਜਾਵੇਗਾ ਪਰ ਇਸ ਮਰਨ ਵਰਤ ਦੌਰਾਨ ਜੇਕਰ ਕਿਸੇ ਵੀ ਫਾਰਗ ਮੁਲਾਜ਼ਮ ਦਾ ਜਾਨੀ ਨੁਕਸਾਨ ਹੋ ਗਿਆ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।
ਮੀਟਿੰਗ ਰੱਦ ਕਰਵਾਉਣ 'ਚ ਮੇਰਾ ਕੋਈ ਰੋਲ ਨਹੀਂ : ਵਿਰਕ
ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫਾਰਗ ਮੁਲਾਜ਼ਮਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ 13 ਅਕਤੂਬਰ ਦੀ ਮੀਟਿੰਗ ਰੱਦ ਕਰਵਾਉਣ 'ਚ ਮੇਰਾ ਕੋਈ ਰੋਲ ਨਹੀਂ ਹੈ ਤੇ ਨਾ ਹੀ ਮੈਂ ਉਨ੍ਹਾਂ ਨੂੰ ਬਹਾਲ ਕਰਨ ਦੇ ਖਿਲਾਫ ਹਾਂ। ਉਨ੍ਹਾਂ ਕਿਹਾ ਕਿ ਸਬ-ਕਮੇਟੀ ਦੀ ਮੀਟਿੰਗ 'ਚ ਫਾਰਗ ਮੁਲਾਜ਼ਮਾਂ ਸਬੰਧੀ ਜਦੋਂ ਗੱਲ ਹੋਵੇਗੀ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।