ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ’ਚ ਸਹਿਯੋਗ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ
Saturday, Jan 03, 2026 - 11:30 PM (IST)
ਅੰਮ੍ਰਿਤਸਰ (ਸਰਬਜੀਤ) - ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 359ਵੇਂ ਪ੍ਰਕਾਸ਼ ਪੁਰਬ ’ਚ ਸਹਿਯੋਗ ਲਈ ਪਟਨਾ ਦੇ ਐੱਸ. ਡੀ. ਐੱਮ. ਸਤਯਮ ਸਹਾਏ ਅਤੇ ਡੀ. ਐੱਸ. ਪੀ. ਗੌਰਵ ਕੁਮਾਰ ਦਾ ਸਨਮਾਨ ਕੀਤਾ ਗਿਆ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ ਅਤੇ ਉਪ-ਪ੍ਰਧਾਨ ਗੁਰਵਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸਮ੍ਰਿਤੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਸੋਹੀ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਤੋਂ ਲੈ ਕੇ ਸਮਾਪਤੀ ਤੱਕ ਪਟਨਾ ਦੇ ਐੱਸ. ਡੀ. ਐੱਮ. ਸਤਯਮ ਸਹਾਏ ਅਤੇ ਡੀ. ਐੱਸ. ਪੀ. ਗੌਰਵ ਕੁਮਾਰ ਦੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਰਹੀਆਂ, ਜਿਸ ਕਾਰਨ ਪ੍ਰਕਾਸ਼ ਪੁਰਬ ਮਨਾਉਣ ’ਚ ਕਮੇਟੀ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਐੱਸ. ਡੀ. ਐੱਮ. ਸਾਹਿਬ ਨੇ ਆਪਣਾ ਪੂਰਾ ਸਟਾਫ਼ ਪ੍ਰਕਾਸ਼ ਪੁਰਬ ਲਈ ਕਮੇਟੀ ਦੇ ਸਹਿਯੋਗ ’ਚ ਲਾਇਆ ਅਤੇ ਖੁਦ ਵੀ ਕਈ ਵਾਰ ਆ ਕੇ ਤਿਆਰੀਆਂ ਦਾ ਜਾਇਜ਼ਾ ਲਿਆ।
ਉਥੇ ਹੀ ਡੀ. ਐੱਸ. ਪੀ. ਗੌਰਵ ਕੁਮਾਰ ਨੇ ਸੁਰੱਖਿਆ ਦੇ ਪੱਕੇ ਇੰਤਜ਼ਾਮਾਂ ਲਈ ਵਧੇਰੇ ਸੁਰੱਖਿਆ ਬਲ ਤਾਇਨਾਤ ਕਰਕੇ ਪੂਰੀ ਮੁਸਤੈਦੀ ਨਾਲ ਸਾਰੀਆਂ ਗਤਿਵਿਧੀਆਂ ’ਤੇ ਨਿਗਰਾਨੀ ਰੱਖੀ, ਜਿਸ ਨਾਲ ਕੋਈ ਵੀ ਮਾੜੀ ਘਟਨਾ ਵਾਪਰਨ ਦਾ ਡਰ ਨਹੀਂ ਰਿਹ । ਉਨ੍ਹਾਂ ਕਿਹਾ ਕਿ ਇਸ ਲਈ ਤਖ਼ਤ ਸਾਹਿਬ ਦੀ ਸਮੂਹ ਕਮੇਟੀ ਵੱਲੋਂ ਦੋਵਾਂ ਅਧਿਕਾਰੀਆਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
