ਹੋ ਗਿਆ ਐਲਾਨ! ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ 23 ਉਮੀਦਵਾਰ ਲੜਣਗੇ ਕੌਂਸਲ ਚੋਣ

Friday, Jan 09, 2026 - 11:50 AM (IST)

ਹੋ ਗਿਆ ਐਲਾਨ! ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ 23 ਉਮੀਦਵਾਰ ਲੜਣਗੇ ਕੌਂਸਲ ਚੋਣ

ਨਾਭਾ (ਖ਼ੁਰਾਨਾ): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਨਾਭਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪਾਰਟੀ ਵੱਲੋਂ ਨਾਭਾ ਦੇ 23 ਵਾਰਡਾਂ ਵਿਚ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਹਲਕਾ ਇੰਚਾਰਜ ਨਾਭਾ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਅਤੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਦਿੱਤੀ। ਇਸ ਮੌਕੇ ਚੋਣਾਂ ਦੇ ਮੱਦੇਨਜ਼ਰ ਧਰਮਿੰਦਰ ਸਿੰਘ ਭੋਜੋਮਾਜਰੀ ਨੂੰ ਨਾਭਾ ਨਗਰ ਕੌਂਸਲ ਚੋਣਾਂ ਲਈ ਪਾਰਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। 

ਭਾਵੇਂ ਕਿ ਨਗਰ ਕੌਂਸਲ ਚੋਣਾਂ ਦਾ ਅਜੇ ਰਸਮੀ ਐਲਾਨ ਨਹੀਂ ਹੋਇਆ, ਪਰ ਇਸ ਵਾਰ ਨਗਰ ਕੌਂਸਲ ਚੋਣਾਂ ਵਿਚ ਤਕੜੀ ਟੱਕਰ ਦੇ ਅਸਾਰ ਹਨ, ਕਿਉਂਕਿ ਪਹਿਲੀ ਵਾਰ ਪੰਜ ਪਾਰਟੀਆਂ ਚੋਣ ਮੈਦਾਨ ਵਿਚ ਆਪਣੇ ਆਪਣੇ ਉਮੀਦਵਾਰ ਉਤਾਰਨਗੀਆਂ। ਇਸ ਵਿਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ, ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸ਼ਾਮਲ ਹਨ। ਇਸ ਵਾਰ ਜਿੱਥੇ ਬੀਜੇਪੀ ਆਪਣੇ ਆਪਣੇ ਉਮੀਦਵਾਰਾਂ ਨੂੰ ਨਗਰ ਕੌਂਸਲ ਚੋਣਾਂ ਵਿਚ ਉਤਾਰੇਗੀ, ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਪਾਰਟੀ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗੀ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਵੱਲੋਂ ਨਾਭਾ ਵਿਖੇ ਇਕ ਵਿਸ਼ੇਸ਼ ਰਣਨੀਤਕ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਵਰਕਰਾਂ ਦਾ ਮਾਰਗਦਰਸ਼ਨ ਕੀਤਾ। ਇਹ ਮੀਟਿੰਗ ਹਰੀ ਸਿੰਘ (ਐੱਮ.ਡੀ. ਪ੍ਰੀਤ ਕੰਬਾਈਨ) ਦੀ ਯੋਗ ਅਗਵਾਈ ਹੇਠ ਹੋਈ, ਜਦਕਿ ਪ੍ਰਧਾਨਗੀ ਹਲਕਾ ਇੰਚਾਰਜ ਨਾਭਾ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਸਾਂਝੇ ਤੌਰ 'ਤੇ ਕੀਤੀ। ਮੀਟਿੰਗ ਦੌਰਾਨ ਇਕ ਅਹਿਮ ਫੈਸਲਾ ਲੈਂਦਿਆਂ ਧਰਮਿੰਦਰ ਸਿੰਘ ਭੋਜੋਮਾਜਰੀ ਨੂੰ ਨਾਭਾ ਨਗਰ ਕੌਂਸਲ ਚੋਣਾਂ ਲਈ ਪਾਰਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। 

ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਨਾਭਾ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਸ਼ਾਹਪੁਰ ਅਤੇ ਪੁਨਰ ਸਿਰਜੀਤੀ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਉਹ ਸ਼ਹਿਰ ਦੀ ਨੁਹਾਰ ਬਦਲਣ ਅਤੇ ਲੋਕ-ਪੱਖੀ ਪ੍ਰਸ਼ਾਸਨ ਸਿਰਜਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਪਾਰਟੀ ਨੇ ਸ਼ਹਿਰ ਦਾ ਕੁਝ ਨਹੀਂ ਸਵਾਰਿਆ, ਅਸੀਂ ਸਾਰੇ ਹੀ ਪਤਵੰਤੇ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ। ਇਸ ਮੌਕੇ ਪੁਨਰ ਸੁਰਜੀਤ ਦੇ ਨਾਭਾ ਨਗਰ ਕੌਂਸਲ ਚੋਣਾਂ ਦੇ ਕੋਆਰਡੀਨੇਟਰ ਧਰਮਿੰਦਰ ਸਿੰਘ ਭੋਜੋਮਾਜਰੀ ਨੇ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਵੀ ਆਖ਼ੀ।


author

Anmol Tagra

Content Editor

Related News