ਸਾਬਕਾ ''ਮਿਸਿਜ਼ ਨਾਰਥ ਇੰਡੀਆ'' ਨੇ ਵਿਆਹ ਦੇ 22 ਸਾਲ ਬਾਅਦ ਸਹੁਰਿਆਂ ਖਿਲਾਫ ਖੋਲ੍ਹਿਆ ਮੋਰਚਾ

09/20/2019 2:06:25 PM

ਅੰਮ੍ਰਿਤਸਰ (ਸਫਰ) : ਇਹ ਮਾਮਲਾ ਸ਼ਹਿਰ ਦੇ ਅਜਿਹੇ ਮਸ਼ਹੂਰ ਘਰਾਣੇ ਨਾਲ ਜੁੜਿਆ ਹੈ, ਜਿਸ ਨੂੰ ਦੇਸ਼-ਦੁਨੀਆ ਜਾਣਦੀ ਹੈ। ਅਸੀਂ ਗੱਲ ਕਰ ਰਹੇ ਹਾਂ ਕੰਵਲਜੀਤ ਸਿੰਘ (ਸਰਦਾਰ ਹੱਟੀ) ਦੇ ਪਰਿਵਾਰ ਦੀ, ਜਿਸ ਕੋਲ ਉੱਚਾ ਨਾਂ ਅਤੇ ਰਸੂਖ ਸਭ ਕੁਝ ਹੈ। ਪੁੱਤਰ ਪਰਮਿੰਦਰ ਸਿੰਘ ਦਾ ਵਿਆਹ 1996 ਵਿਚ ਲੁਧਿਆਣਾ ਦੇ 'ਬਸੰਤ ਪਰਿਵਾਰ' (ਬਸੰਤ ਆਈਸ ਕਰੀਮ ਵਾਲੇ) 'ਚ ਹੋਇਆ ਸੀ। ਸਹੁਰੇ ਘਰ ਆਈ ਗੁਰਪ੍ਰੀਤ ਕੌਰ ਉਰਫ ਸ਼ੈਲੀ ਨੇ ਵਿਆਹ ਦੇ 22 ਬਸੰਤ ਦੇਖਣ ਤੋਂ ਬਾਅਦ ਹੁਣ ਸਹੁਰਿਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

ਗੁਰਪ੍ਰੀਤ ਕੌਰ ਦੇ ਸਿਰ 'ਮਿਸਿਜ਼ ਨਾਰਥ ਇੰਡੀਆ' ਦਾ ਖਿਤਾਬ ਸਜ ਚੁੱਕਾ ਹੈ, ਅਜਿਹੇ 'ਚ ਵਿਆਹ ਦੇ 22 ਸਾਲ ਬਾਅਦ ਹੁਣ ਸ਼ਹਿਰ ਦੇ ਵੱਡੇ ਘਰਾਣੇ ਦੀ ਨੂੰਹ ਨੇ ਅੰਮ੍ਰਿਤਸਰ ਦੀ ਅਦਾਲਤ ਵਿਚ ਸਹੁਰਿਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਦਾਲਤ ਨੇ ਵੱਖ-ਵੱਖ ਮਾਮਲੇ 'ਚ ਜਿਥੇ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਖਰਚੇ ਲਈ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਆਦੇਸ਼ ਸੁਣਾਇਆ ਹੈ, ਉਥੇ ਹੀ ਔਰਤ ਦੇ ਪਤੀ ਅਤੇ ਸਹੁਰੇ ਨੂੰ ਸੰਮਨ ਜਾਰੀ ਕਰਦਿਆਂ 19 ਅਕਤੂਬਰ ਨੂੰ ਆਪਣਾ ਪੱਖ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।

ਬਾਪ ਦਾ ਫਰਜ਼ ਬੱਚਿਆਂ ਨੂੰ ਪੜ੍ਹਾਉਣਾ : ਜੱਜ
ਗੁਰਪ੍ਰੀਤ ਕੌਰ ਉਰਫ ਸ਼ੈਲੀ ਨੇ ਸੀ. ਆਰ. ਪੀ. ਸੀ. ਤਹਿਤ ਅੰਮ੍ਰਿਤਸਰ ਦੀ ਅਦਾਲਤ 'ਚ ਬੱਚਿਆਂ ਦੇ ਖਰਚ ਲਈ ਮੰਗ ਦਰਜ ਕਰਦਿਆਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀਆਂ 2 ਧੀਆਂ ਤੇ 1 ਪੁੱਤਰ ਹੈ, ਇਕ ਧੀ ਲਾਅ ਦੀ ਪੜ੍ਹਾਈ ਕਰ ਚੁੱਕੀ ਹੈ, ਬਾਕੀ ਬੱਚੇ ਛੋਟੇ ਹਨ। 22 ਸਾਲ ਵਿਆਹ ਤੋਂ ਬਾਅਦ ਬੱਚਿਆਂ ਦਾ ਪਾਲਣ-ਪੋਸ਼ਣ ਪਿਛਲੇ ਕਈ ਸਾਲਾਂ ਤੋਂ ਕਰ ਰਹੀ ਹੈ। ਸਹੁਰਾ ਪਰਿਵਾਰ ਤੇ ਪਤੀ ਬੱਚਿਆਂ ਦੇ ਕਰੀਅਰ ਵੱਲ ਧਿਆਨ ਨਹੀਂ ਦੇ ਰਹੇ। ਮੈਂ ਬੇਕਰੀ ਚਲਾ ਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ 'ਤੇ ਮਜਬੂਰ ਹਾਂ। ਇਸ ਮਾਮਲੇ ਵਿਚ ਜੱਜ ਗੌਰਵ ਗੁਪਤਾ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ) ਨੇ ਗੁਰਪ੍ਰੀਤ ਕੌਰ ਦੇ ਪਤੀ ਪਰਮਿੰਦਰ ਸਿੰਘ ਨੂੰ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਦੇਣ ਦਾ ਆਦੇਸ਼ ਜਾਰੀ ਕਰਦਿਆਂ ਕਿਹਾ ਕਿ 'ਬਾਪ ਦਾ ਫਰਜ਼ ਬਣਦਾ ਹੈ ਬੱਚਿਆਂ ਨੂੰ ਪੜ੍ਹਾਉਣਾ, ਇਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ'। ਇਹ ਮਾਮਲਾ 2017 ਤੋਂ ਅਦਾਲਤ ਵਿਚ ਚੱਲ ਰਿਹਾ ਸੀ।

ਗੁਰਪ੍ਰੀਤ ਕੌਰ ਦੇ ਮਾਮਲੇ 'ਚ ਜੱਜ ਰਾਜਨ ਅਨੇਜਾ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ) ਨੇ ਬੀਤੀ 7 ਸਤੰਬਰ ਨੂੰ ਉਸ ਦੇ ਪਤੀ ਪਰਮਿੰਦਰ ਸਿੰਘ ਤੇ ਸਹੁਰਾ ਕੰਵਲਜੀਤ ਸਿੰਘ ਨੂੰ ਸੰਮਨ ਜਾਰੀ ਕਰਦਿਆਂ ਕ੍ਰਿਮੀਨਲ ਕੇਸ ਦੀ ਧਾਰਾ 406 (ਵਿਸ਼ਵਾਸ ਦਾ ਹਨਨ) ਅਤੇ 498-ਏ (ਦਾਜ ਲਈ ਤੰਗ ਕਰਨ) ਦੇ ਮਾਮਲੇ ਵਿਚ ਸੰਮਨ ਜਾਰੀ ਕਰਦਿਆਂ 19 ਅਕਤੂਬਰ ਨੂੰ ਪੱਖ ਰੱਖਣ ਦਾ ਆਦੇਸ਼ ਸੁਣਾਇਆ ਹੈ।

ਨੂੰਹ ਤੇ ਬੱਚੇ ਕੋਠੀ 'ਚ ਰਹਿਣਗੇ, ਪੁੱਤਰ ਹੋਵੇਗਾ ਬਾਹਰ : ਡੀ. ਸੀ.
ਕੈਨੇਡੀ ਐਵੀਨਿਊ ਦੀ ਕੋਠੀ ਨੰ. 80 ਦੇ ਮਾਲਕ ਕੰਵਲਜੀਤ ਸਿੰਘ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਨੂੰ ਸ਼ਿਕਾਇਤ ਕੀਤੀ ਸੀ ਕਿ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਕਟ ਤਹਿਤ ਉਨ੍ਹਾਂ ਦੀ ਕੋਠੀ 'ਚੋਂ ਨੂੰਹ-ਪੁੱਤ ਤੇ ਉਨ੍ਹਾਂ ਦੇ 2 ਬੱਚਿਆਂ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਇਹ ਸਾਰੇ ਉਨ੍ਹਾਂ ਦੇ ਕਹੇ 'ਚ ਨਹੀਂ ਹਨ। ਇਸ ਅਪੀਲ ਨੂੰ ਖਾਰਿਜ ਕਰਦਿਆਂ ਡੀ. ਸੀ. ਨੇ ਬੀਤੀ 24 ਜੁਲਾਈ ਨੂੰ ਆਦੇਸ਼ ਦਿੱਤਾ ਸੀ ਕਿ ਜਾਂਚ-ਪੜਤਾਲ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਕੰਵਲਜੀਤ ਸਿੰਘ ਨੇ ਨੂੰਹ ਤੇ ਉਨ੍ਹਾਂ ਦੇ ਦੋਵਾਂ ਬੱਚਿਆਂ ਨੂੰ ਕੋਠੀ 'ਚੋਂ ਕੱਢਣ ਲਈ ਅਜਿਹੀ ਸ਼ਿਕਾਇਤ ਦਿੱਤੀ ਸੀ ਪਰ ਇਹ ਬਾਪ-ਬੇਟੇ ਦੀ ਸਾਜ਼ਿਸ਼ ਸੀ। ਅਜਿਹੇ 'ਚ ਕੋਠੀ ਵਿਚ ਨੂੰਹ ਤੇ ਉਨ੍ਹਾਂ ਦੇ ਦੋਵੇਂ ਬੱਚੇ ਰਹਿਣਗੇ, ਜਦਕਿ ਪੁੱਤਰ ਪਰਮਿੰਦਰ ਸਿੰਘ ਕੋਠੀ ਤੋਂ ਬਾਹਰ ਰਹੇਗਾ। ਦੱਸ ਦੇਈਏ ਕਿ ਇਸ ਮਾਮਲੇ ਵਿਚ ਗੁਰਪ੍ਰੀਤ ਕੌਰ ਉਰਫ ਸ਼ੈਲੀ ਨੇ ਆਪਣਾ ਪੱਖ ਡੀ. ਸੀ. ਦੇ ਸਾਹਮਣੇ ਰੱਖਿਆ ਤੇ ਦੱਸਿਆ ਕਿ ਇਹ ਸਭ ਉਨ੍ਹਾਂ ਦੇ ਸਹੁਰੇ ਦੀ ਕੋਠੀ 'ਚੋਂ ਬਾਹਰ ਕੱਢਣ ਦੀ ਸਾਜ਼ਿਸ਼ ਹੈ। ਜਾਂਚ ਤੋਂ ਬਾਅਦ ਨੂੰਹ ਦੇ ਦੋਸ਼ ਠੀਕ ਪਾਏ ਗਏ।

'22-23 ਸਾਲ ਬਾਅਦ ਦਾਜ ਕੌਣ ਮੰਗਦਾ, ਰੱਬ ਨੂੰਹ ਨੂੰ ਬੁੱਧੀ ਦੇਵੇ'
'ਜਗ ਬਾਣੀ' ਨੇ ਇਸ ਮਾਮਲੇ ਵਿਚ ਸਰਦਾਰ ਹੱਟੀ ਦੇ ਮਾਲਕ ਕੰਵਲਜੀਤ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਵਿਆਹ ਦੇ 22-23 ਸਾਲ ਬਾਅਦ ਦਾਜ ਮੰਗਣ ਦਾ ਦੋਸ਼ ਕਿਥੋਂ ਤੱਕ ਠੀਕ ਹੈ। ਧੀ ਲਾਅ ਦੀ ਪੜ੍ਹਾਈ ਕਰ ਰਹੀ ਹੈ, ਬੱਚੇ ਪੜ੍ਹ ਰਹੇ ਹਨ। ਨੂੰਹ ਨੇ ਕਈ ਕੇਸ ਕਰ ਰੱਖੇ ਹਨ। ਸਾਰੇ ਦੋਸ਼ ਬੇਬੁਨਿਆਦ ਹਨ। ਅਦਾਲਤ ਦਾ ਫੈਸਲਾ ਸਿਰ ਮੱਥੇ ਹੈ। ਸੰਮਨ ਅਜੇ ਮਿਲਿਆ ਨਹੀਂ ਹੈ, ਮਿਲਣ 'ਤੇ ਜਵਾਬ ਦੇਵਾਂਗੇ। ਬਸ ਰੱਬ ਨੂੰਹ ਨੂੰ ਬੁੱਧੀ ਦੇਵੇ, ਅਸੀਂ ਸਾਰੇ ਤਾਂ ਸਮਝਾ-ਸਮਝਾ ਕੇ ਥੱਕ ਚੁੱਕੇ ਹਾਂ, ਜੋ ਦੋਸ਼ ਉਹ ਲਾ ਰਹੀ ਹੈ, ਬੇਬੁਨਿਆਦ ਹਨ।
 


Baljeet Kaur

Content Editor

Related News