ਮੰਤਰੀ ਦਾ ਮਹਿਲਾ ਆਈ. ਏ. ਐੱਸ. ਅਧਿਕਾਰੀ ਨਾਲ ਗਲਤ ਹਰਕਤ ਕਰਨਾ ਸ਼ਰਮਨਾਕ : ਰੀਨਾ ਜੇਤਲੀ
Friday, Oct 26, 2018 - 10:42 AM (IST)
ਅੰਮ੍ਰਿਤਸਰ (ਕਮਲ, ਜ਼ਿਆ) : ਪੰਜਾਬ ਸਰਕਾਰ ਦੇ ਮੰਤਰੀ ਚਰਨਜੀਤ ਚੰਨੀ ਵਲੋਂ ਮਹਿਲਾ ਆਈ. ਏ. ਐੱਸ. ਅਧਿਕਾਰੀ ਨਾਲ ਕੀਤੀ ਗਈ ਗਲਤ ਹਰਕਤ ਦੀ ਘਟਨਾ ਬੜੀ ਨਿੰਦਣਯੋਗ ਹੈ ਅਤੇ ਉਸ ਤੋਂ ਵੀ ਜ਼ਿਆਦਾ ਨਿੰਦਣਯੋਗ ਹੈ ਕਿ ਉਪਰੋਕਤ ਅਧਿਕਾਰੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਗਈ ਸ਼ਿਕਾਇਤ ਦੇ ਬਾਵਜੂਦ ਮੰਤਰੀ 'ਤੇ ਕਾਰਵਾਈ ਨਾ ਹੋਣਾ। ਇਹ ਸਹਿਣ ਕਰਨ ਤੋਂ ਬਾਹਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਰੀਨਾ ਜੇਤਲੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਦੋਂ ਤੋਂ ਕਾਂਗਰਸ ਦੀ ਸਰਕਾਰ ਆਈ ਹੈ ਉਦੋਂ ਤੋਂ ਆਮ ਆਦਮੀ ਤਾਂ ਅਮਨ-ਕਾਨੂੰਨ ਦੀ ਭੈੜੀ ਹਾਲਤ ਤੋਂ ਤੰਗ ਸੀ ਹੀ, ਹੁਣ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਤੋਂ ਨਹੀਂ ਬਚੇ।
ਸੂਬੇ ਦੀ ਜਨਤਾ ਵਲੋਂ ਹੀ ਚੁਣੇ ਗਏ ਆਗੂ ਮਹਿਲਾ ਅਧਿਕਾਰੀਆਂ ਨਾਲ ਗਲਤ ਹਰਕਤ ਕਰਨ ਲੱਗੇ ਹਨ ਤਾਂ ਆਮ ਜਨਤਾ ਦਾ ਕੀ ਹੋਵੇਗਾ? ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਅਜਿਹੇ ਮੰਤਰੀਆਂ ਕੋਲੋਂ ਅਸਤੀਫਾ ਲੈ ਲੈਣਾ ਚਾਹੀਦਾ ਹੈ ਜੋ ਔਰਤਾਂ ਦਾ ਸਨਮਾਨ ਕਰਨਾ ਨਹੀਂ ਜਾਣਦੇ। ਇਸ ਮੌਕੇ ਸੂਬਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰਮਾ ਮਹਾਜਨ, ਜ਼ਿਲਾ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਅਲਕਾ ਸ਼ਰਮਾ, ਮਹਾਮੰਤਰੀ ਸਵਿਤਾ ਮਹਾਜਨ, ਉਪ ਪ੍ਰਧਾਨ ਸ਼ਸ਼ੀ ਬਾਲਾ, ਸਕੱਤਰ ਜਨਕ ਜੋਸ਼ੀ, ਰੇਣੂ ਗਿੱਲ, ਸ਼ਾਲੂ ਸ਼ਰਮਾ, ਸੁਧਾ ਸ਼ਰਮਾ ਤੇ ਸੀਮਾ ਮਹਾਜਨ ਆਦਿ ਹਾਜ਼ਰ ਸਨ।
