ਮਿੰਨੀ ਬੱਸਾਂ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

Monday, Feb 24, 2020 - 05:28 PM (IST)

ਮਿੰਨੀ ਬੱਸਾਂ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਅੰਮ੍ਰਿਤਸਰ (ਛੀਨਾ) : ਪੰਜਾਬ ਸਰਕਾਰ ਦੀਆ ਟਰਾਂਸਪੋਰਟ ਵਿਰੋਧੀ ਨੀਤੀਆਂ ਦੇ ਸਤਾਏ ਮਿੰਨੀ ਬੱਸਾਂ ਵਾਲਿਆ ਨੇ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਦਾ ਬਿਗਲ ਵਜਾਉੁਂਦਿਆਂ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਰੋਸ ਵਜੋਂ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਆਪਣੇ ਇਕ ਆਪ੍ਰੇਟਰ ਸਮੇਤ ਮਿੰਨੀ ਬਸ ਸਾੜਨਗੇ । ਅੱਜ ਸਥਾਨਕ ਬਸ ਸਟੈਂਡ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਮਿੰਨੀ ਬਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆ ਟਰਾਂਸਪੋਰਟ ਵਿਰੋਧੀ ਨੀਤੀਆਂ ਨੂੰ ਮਿੰਨੀ ਬੱਸਾਂ ਦੇ ਆਪ੍ਰੇਟਰ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਟੈਕਸਾਂ ਤੇ ਪਾਸਿੰਗ ਫੀਸਾਂ 'ਚ ਕੀਤੇ ਗਏ ਭਾਰੀ ਵਾਧੇ ਨੂੰ ਵਾਪਸ ਲੈਣ ਸਮੇਤ ਬੱਸਾਂ ਦੇ ਪਰਮਿੱਟ ਬਿਨ੍ਹਾਂ ਸ਼ਰਤ ਰੀਨੀਓ ਕਰਨ ਦਾ ਐਲਾਨ ਨਹੀਂ ਕਰ ਦਿੰਦੀ ਓਨੀ ਦੇਰ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ।

ਬੱਬੂ ਨੇ ਕਿਹਾ ਕਿ ਮਿੰਨੀ ਬੱਸ ਆਪ੍ਰੇਟਰਾਂ ਦੀ ਇਹ ਭੁੱਖ ਹੜਤਾਲ 5 ਦਿਨ ਜਾਰੀ ਰਹੇਗੀ ਜੇਕਰ ਫਿਰ ਵੀ ਸਰਕਾਰ ਦੇ ਕੰਨਾਂ 'ਤੇ ਜੂੰ ਨਾ ਸਰਕੀ ਤਾਂ 6ਵੇਂ ਦਿਨ ਬੱਸਾਂ 'ਤੇ ਕਾਲੀਆ ਝੰਡੀਆਂ ਬੰਨ੍ਹ ਕੇ ਸ਼ਹਿਰ 'ਚ ਰੋਸ ਮਾਰਚ ਕੱਢਿਆ ਜਾਵੇਗਾ, 7ਵੇਂ ਦਿਨ ਜ਼ਿਲਾ ਪੱਧਰੀ ਹੜਤਾਲ ਹੋਵੇਗੀ ਅਤੇ 8ਵੇਂ ਦਿਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਬਾਹਰ ਇਕ ਆਪ੍ਰੇਟਰ ਸਮੇਤ ਮਿੰਨੀ ਬਸ ਸਾੜੀ ਜਾਵੇਗੀ। ਇਸ ਮੌਕੇ 'ਤੇ ਭੁੱਖ ਹੜਤਾਲ 'ਤੇ ਬੈਠ ਆਪ੍ਰੇਟਰ ਕੁਲਦੀਪ ਸਿੰਘ ਝੰਜੋਟੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀਆ ਅੱਖਾਂ ਖੋਲ੍ਹਣ ਲਈ ਮਿੰਨੀ ਬੱਸ 'ਚ ਬੈਠ ਕੇ ਮੈਂ ਕੁਰਬਾਨੀ ਦਿਆਂਗਾ। ਅੱਜ ਪਹਿਲੇ ਦਿਨ ਬਲਦੇਵ ਸਿੰਘ ਬੱਬੂ, ਸ਼ੇਰ ਸਿੰਘ ਚੋਗਾਵਾਂ, ਸੁਖਬੀਰ ਸਿੰਘ ਸੋਹਲ, ਕੁਲਦੀਪ ਸਿੰਘ ਝੰਜੋਟੀ ਤੇ ਸਤਨਾਮ ਸਿੰਘ ਸੇਖੋਂ ਭੁੱਖ ਹੜਤਾਲ 'ਤੇ ਬੈਠੇ ਸਨ, ਜਿਨ੍ਹਾਂ ਸਾਂਝੇ ਤੌਰ 'ਤੇ ਆਖਿਆ ਕਿ ਅਸੀਂ ਦ੍ਰਿੜ ਇਰਾਦੇ ਨਾਲ ਸੰਘਰਸ਼ ਸ਼ੁਰੂ ਕੀਤਾ ਹੈ, ਲੜਦੇ ਹੋਏ ਮਰ ਜਾਵਾਂਗੇ ਪਰ ਸਰਕਾਰ ਅੱਗੇ ਝੁਕਾਂਗੇ ਨਹੀਂ।


author

Baljeet Kaur

Content Editor

Related News