ਦਾਜ ਦੇ ਲਾਲਚ ''ਚ ਵਿਅਹੁਤਾ ਨੂੰ ਕੁੱਟਮਾਰ ਕਰਕੇ ਬਣਾਇਆ ਬੰਦੀ

Monday, Jul 08, 2019 - 10:28 AM (IST)

ਅੰਮ੍ਰਿਤਸਰ (ਅਨਜਾਣ) : ਵਿਆਹ 'ਚ 40 ਲੱਖ ਰੁਪਏ ਲਾ ਦੇਣ ਦੇ ਬਾਵਜੂਦ ਜਦ ਦਾਜ ਦੇ ਲਾਲਚੀਆਂ ਦਾ ਦਿਲ ਨਹੀਂ ਭਰਿਆ ਤਾਂ ਫਾਰਚੂਨਰ ਦੀ ਮੰਗ ਕਰਦਿਆਂ ਲੜਕੀ 'ਤੇ ਦੂਸ਼ਣਬਾਜ਼ੀ ਕੀਤੀ ਅਤੇ ਕੁੱਟ-ਮਾਰ ਕਰ ਕੇ ਬੰਦੀ ਬਣਾ ਕੇ ਆਪ ਘਰੋਂ ਨਿਕਲ ਗਏ। ਪੁਲਸ ਅਤੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢਿਆ ਗਿਆ। ਇਹ ਪ੍ਰਗਟਾਵਾ ਅੰਮ੍ਰਿਤਸਰ ਦੇ ਜਸਪਾਲ ਨਗਰ ਮੰਦਰ ਵਾਲੀ ਗਲੀ ਸੁਲਤਾਨਵਿੰਡ ਰੋਡ ਦੇ ਬਲਵਿੰਦਰ ਸਿੰਘ ਬਿੱਲਾ ਨੇ ਆਪਣੀ ਲੜਕੀ ਨਾਲ ਸਹੁਰੇ ਪਰਿਵਾਰ ਦੇ ਜ਼ੁਲਮ ਦੀ ਦਾਸਤਾਨ ਸੁਣਾਉਂਦਿਆਂ ਕੀਤਾ।

ਪੱਤਰਕਾਰਾਂ ਦੇ ਭਾਰੀ ਇਕੱਠ ਨੂੰ ਆਪਣਾ ਦੁੱਖ ਦੱਸਦਿਆਂ ਬਿੱਲਾ ਦੀ ਪੁੱਤਰੀ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਮੇਰਾ ਵਿਆਹ ਤਰਨਤਾਰਨ ਦੀ ਗਲੀ ਢੋਟੀਆਂ ਵਾਲੀ ਦੇ ਇੰਦਰਜੀਤ ਸਿੰਘ ਨਾਲ ਤਕਰੀਬਨ ਇਕ ਸਾਲ ਪਹਿਲਾਂ ਹੋਇਆ ਸੀ, ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲਾ ਜਸਪਾਲ ਨਗਰ ਗਲੀ ਨੰਬਰ 2 ਦਾ ਪ੍ਰਤਾਪ ਸਿੰਘ ਪੱਖਿਆਂ ਵਾਲਾ, ਉਸ ਦਾ ਪੁੱਤਰ ਸ਼ੇਰੂ ਅਤੇ ਬਾਕੀ ਪਰਿਵਾਰ ਹੈ। ਉਸ ਨੇ ਕਿਹਾ ਕਿ 12 ਮਈ 2018 ਨੂੰ ਉਕਤ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਮ-ਸਲਾਹ ਹੋ ਕੇ ਮੈਨੂੰ ਅਗਵਾ ਕਰ ਲਿਆ ਅਤੇ ਘਰ 'ਚ ਪਏ ਸੋਨੇ ਦੇ ਗਹਿਣੇ, 350 ਗ੍ਰਾਮ ਸੋਨਾ ਅਤੇ 6 ਲੱਖ ਰੁਪਏ ਨਕਦੀ ਵੀ ਲੈ ਗਏ, ਜਿਸ ਦੀ ਮੇਰੀ ਮਾਤਾ ਨੀਲਮ ਕੌਰ ਵੱਲੋਂ ਐੱਫ. ਆਈ. ਆਰ. ਨੰ. 0075 ਮਿਤੀ 12-05-2018 ਨੂੰ ਜ਼ੇਰੇ ਧਾਰਾ 363, 366-ਏ, 120-ਬੀ ਅਤੇ ਪੋਕਸੋ ਐਕਟ 2012 ਦੀ ਧਾਰਾ 6 ਅਧੀਨ ਥਾਣਾ ਸੁਲਤਾਨਵਿੰਡ ਰੋਡ ਵਿਖੇ ਪਰਚਾ ਦਰਜ ਹੋਇਆ ਸੀ। ਦੋਸ਼ੀ ਮੈਨੂੰ ਗੱਡੀ ਨੰ. ਪੀ ਬੀ 30 ਡੀ 8218 'ਚ ਅਗਵਾ ਕਰ ਕੇ ਲੈ ਗਏ ਅਤੇ ਫਿਰ ਉਸੇ ਗੱਡੀ 'ਚ ਮੈਨੂੰ ਥਾਣਾ ਸੁਲਤਾਨਵਿੰਡ ਦੇ ਸਾਹਮਣੇ ਲਿਆ ਕੇ ਪ੍ਰਤਾਪ ਸਿੰਘ ਅਤੇ ਉਸ ਦੇ ਜਵਾਈ ਤੇ ਰੂਬਲ ਵੱਲੋਂ ਛੱਡ ਦਿੱਤਾ ਗਿਆ।

ਉਸ ਨੇ ਕਿਹਾ ਕਿ ਮੇਰੇ ਨਾਲ ਇੰਨਾ ਕੁਝ ਕਰ ਕੇ ਵੀ ਪ੍ਰਤਾਪ ਸਿੰਘ ਨੂੰ ਮੇਰਾ ਸਹੁਰੇ ਘਰ ਵਸਣਾ ਬਰਦਾਸ਼ਤ ਨਹੀਂ ਹੋਇਆ ਅਤੇ ਉਸ ਨੇ ਮੇਰੇ ਸਹੁਰੇ ਘਰ ਵਾਲਿਆਂ ਨੂੰ ਮੇਰੇ ਖਿਲਾਫ਼ ਝੂਠੀ ਦੂਸ਼ਣਬਾਜ਼ੀ ਲਾ ਕੇ ਭੜਕਾ ਦਿੱਤਾ ਅਤੇ ਉਨ੍ਹਾਂ ਮੇਰੀ ਕੁੱਟ-ਮਾਰ ਕਰ ਕੇ ਮੈਨੂੰ ਘਰ 'ਚ ਹੀ ਬੰਦ ਕਰ ਦਿੱਤਾ। ਇਸ ਘਿਨੌਣੀ ਕਾਰਵਾਈ 'ਤੇ ਤਰਨਤਾਰਨ ਦੇ ਥਾਣਾ ਸਿਟੀ 'ਚ ਮੇਰੇ ਸਹੁਰੇ ਪਰਿਵਾਰ ਅਤੇ ਪ੍ਰਤਾਪ ਸਿੰਘ ਪੱਖਿਆਂ ਵਾਲੇ ਦੇ ਪਰਿਵਾਰ 'ਤੇ ਮੇਰੇ ਬਿਆਨਾਂ ਅਨੁਸਾਰ ਮਿਤੀ 03-07-2019 ਨੂੰ ਐੱਫ. ਆਈ. ਆਰ. ਨੰ. 0150 ਅਧੀਨ ਥਾਣਾ ਸਿਟੀ ਤਰਨਤਾਰਨ ਵਿਖੇ 9 ਵਿਅਕਤੀਆਂ 'ਤੇ ਪਰਚਾ ਦਰਜ ਹੋਇਆ ਹੈ ਪਰ ਅਜੇ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ।

ਬਿੱਲਾ ਅਤੇ ਉਸ ਦੀ ਪੁੱਤਰੀ ਵੱਲੋਂ ਮੇਰੇ 'ਤੇ ਲਾਏ ਦੋਸ਼ ਗਲਤ
ਇਸ ਸਬੰਧੀ ਜਦ ਪ੍ਰਤਾਪ ਸਿੰਘ ਪੱਖਿਆਂ ਵਾਲੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿੱਲਾ ਅਤੇ ਉਸ ਦੀ ਪੁੱਤਰੀ ਵੱਲੋਂ ਮੇਰੇ 'ਤੇ ਲਾਏ ਦੋਸ਼ ਬਿਲਕੁਲ ਝੂਠੇ ਹਨ। ਉਨ੍ਹਾਂ ਵੱਲੋਂ ਪਹਿਲਾਂ ਵੀ ਮੇਰੇ 'ਤੇ ਜੋ ਦੋਸ਼ ਲਾਏ ਗਏ, ਉਸ ਦੀ ਇਨਕੁਆਰੀ ਵਿਚੋਂ ਮੈਂ, ਮੇਰਾ ਬੇਟਾ ਅਤੇ ਪਰਿਵਾਰ ਬਰੀ ਹੋ ਚੁੱਕੇ ਹਾਂ। ਬਿੱਲਾ ਦੀ ਧੀ ਮੇਰੀ ਵੀ ਧੀ ਹੈ।

ਕੀ ਕਹਿੰਦੇ ਨੇ ਏ. ਐੱਸ. ਆਈ.
ਇਸ ਸਬੰਧੀ ਜਦ ਤਰਨਤਾਰਨ ਥਾਣਾ ਸਿਟੀ ਦੇ ਏ. ਐੱਸ. ਆਈ. ਬਲਵਿੰਦਰ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੋਮਲਪ੍ਰੀਤ ਦੇ ਸਹੁਰੇ ਪਰਿਵਾਰ 'ਤੇ ਕਾਰਵਾਈ ਕੀਤੀ ਗਈ ਹੈ ਪਰ ਉਹ ਘਰੋਂ ਭਗੌੜੇ ਹਨ, ਉਨ੍ਹਾਂ ਦੀ ਦੁਕਾਨ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਬਹੁਤ ਜਲਦ ਫੜ ਲਏ ਜਾਣਗੇ ਅਤੇ ਪੱਖਿਆਂ ਵਾਲੇ 'ਤੇ ਵੀ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News