ਗੁਰਦੁਆਰੇ ਦੇ ਪਹਿਲੀ ਵਾਰ ਦਰਸ਼ਨ ਕਰ ਕੇ ਲੱਗਾ ਦੁਨੀਆ ਦਾ ਵੱਡਾ ਅਜੂਬਾ ਦੇਖਿਆ

Tuesday, Feb 06, 2018 - 11:11 AM (IST)

ਗੁਰਦੁਆਰੇ ਦੇ ਪਹਿਲੀ ਵਾਰ ਦਰਸ਼ਨ ਕਰ ਕੇ ਲੱਗਾ ਦੁਨੀਆ ਦਾ ਵੱਡਾ ਅਜੂਬਾ ਦੇਖਿਆ

ਅੰਮ੍ਰਿਤਸਰ (ਸਰਬਜੀਤ) - ਸਿੱਖ ਤਾਂ ਹਾਂ ਪਰ ਜੀਵਨ 'ਚ ਅਜੇ ਤੱਕ ਕਦੇ ਗੁਰਦੁਆਰਾ ਹੀ ਨਹੀਂ ਦੇਖਿਆ ਅਤੇ ਜਦੋਂ ਪਹਿਲੀ ਵਾਰ ਦਿੱਲੀ 'ਚ ਦੇਖਿਆ ਤਾਂ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਗਾ। ਇਹ ਹੈਰਾਨੀਜਨਕ ਖੁਲਾਸਾ ਸਿੱਖ ਧਰਮ ਇੰਟਰਨੈਸ਼ਨਲ ਵਿਚ ਸ਼ਾਮਲ ਬ੍ਰਾਜ਼ੀਲ ਤੋਂ ਆਏ 50 ਮੈਂਬਰਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਬ੍ਰਾਜ਼ੀਲੀ ਮੈਂਬਰ ਸਿੱਖ ਧਰਮ ਇੰਟਰਨੈਸ਼ਨਲ ਸੰਸਥਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਯਾਤਰਾ ਪੂਰੀ ਹੋ ਜਾਣ ਦਾ ਐਲਾਨ ਕੀਤਾ। ਇਹ ਯਾਤਰਾ ਪੂਰੇ ਬ੍ਰਾਜ਼ੀਲ ਤੋਂ ਸਿੱਖ ਧਰਮ ਇੰਟਰਨੈਸ਼ਨਲ ਅਤੇ 3 ਐੱਚ. ਓ. ਫਾਊਂਡੇਸ਼ਨ ਇੰਟਰਨੈਸ਼ਨਲ ਦੇ 50 ਪ੍ਰਤੀਨਿਧੀਆਂ ਨਾਲ ਅਨੰਦਪੁਰ ਸਾਹਿਬ ਤੋਂ 24 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ। ਇਹ ਬ੍ਰਾਜ਼ੀਲੀ ਮੈਂਬਰਾਂ ਦੀ ਆਪਣੇ ਵੱਲੋਂ ਪਹਿਲੀ ਯਾਤਰਾ ਸੀ ਅਤੇ ਜ਼ਿਆਦਾਤਰ ਮੈਂਬਰਾਂ ਲਈ ਇਕ ਬਹੁਤ ਹੀ ਸ਼ਾਨਦਾਰ ਮੌਕਾ ਸੀ। ਇਸ ਯਾਤਰਾ ਦੌਰਾਨ ਇਨ੍ਹਾਂ ਮੈਂਬਰਾਂ ਨੂੰ ਭਾਰਤ ਵਿਚ ਬਹੁਤ ਸਾਰੇ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।
ਵਰਣਨਯੋਗ ਹੈ ਕਿ ਬ੍ਰਾਜ਼ੀਲ ਸਾਊਥ ਅਮਰੀਕਾ ਦਾ ਇਕ ਬਹੁਤ ਵੱਡਾ ਦੇਸ਼ ਹੈ ਅਤੇ ਇਹ ਬ੍ਰਾਜ਼ੀਲ ਵਿਰਾਸਤ ਤੋਂ ਪੈਦਾ ਹੋਏ  ਮਹੱਤਵਪੂਰਨ ਸਿੱਖ ਸੰਗਤ ਦਾ ਘਰ ਹੈ। ਇਹ ਲੋਕ ਭਾਈ ਹਰਭਜਨ ਸਿੰਘ ਖਾਲਸਾ ਯੋਗੀ ਦੀਆਂ ਸਿੱਖਿਆਵਾਂ ਦੇ ਮਾਧਿਅਮ ਨਾਲ ਸਿੱਖ ਧਰਮ ਤੋਂ ਪ੍ਰੇਰਿਤ ਹੋ ਕੇ ਸਿੱਖੀ ਬਾਣੇ ਵਿਚ ਸਜੇ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੇ ਬ੍ਰਾਜ਼ੀਲ 'ਚ ਕੋਈ ਗੁਰਦੁਆਰਾ ਨਾ ਹੋਣ ਕਾਰਨ ਉਥੋਂ ਦੇ ਸਿੱਖਾਂ ਦੀ ਗਿਣਤੀ 300 ਦੇ ਕਰੀਬ ਹੈ, ਜਿਨ੍ਹਾਂ ਵਿਚ 13 ਅੰਮ੍ਰਿਤਧਾਰੀ ਅਤੇ ਬਾਕੀ ਸਾਰੇ ਸਹਿਜਧਾਰੀ ਹਨ। ਡਾ. ਗੁਰੂਸੰਗਤ ਕੌਰ ਖਾਲਸਾ ਮੁਖੀ ਅਤੇ ਫਾਊਂਡਰ ਅਬੇਕੀ ਬ੍ਰਾਜ਼ੀਲ ਨੇ ਦੱਸਿਆ ਕਿ ਅਬੇਕੀ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਾਂਝਾ ਕਰਨ ਅਤੇ ਬਰਕਰਾਰ ਰੱਖਣ ਲਈ ਇਕ ਸਮਰਪਿਤ ਸੰਸਥਾ ਹੈ।


Related News