ਪਹਿਲੀ ਵਾਰ ਵ੍ਰਿੰਦਾਵਨ ਗਿਆ ਸੀ ਯਸ਼ ਭੱਲਾ, ਹਾਦਸੇ ''ਚ ਗਈ ਜਾਨ; ਗਮਗੀਨ ਮਾਹੌਲ ''ਚ ਹੋਇਆ ਸਸਕਾਰ

Tuesday, Apr 14, 2026 - 11:34 AM (IST)

ਪਹਿਲੀ ਵਾਰ ਵ੍ਰਿੰਦਾਵਨ ਗਿਆ ਸੀ ਯਸ਼ ਭੱਲਾ, ਹਾਦਸੇ ''ਚ ਗਈ ਜਾਨ; ਗਮਗੀਨ ਮਾਹੌਲ ''ਚ ਹੋਇਆ ਸਸਕਾਰ

ਲੁਧਿਆਣਾ (ਗਣੇਸ਼): ਲੁਧਿਆਣਾ ਦੇ ਸਲੇਮ ਟਾਬਰੀ ਸਥਿਤ ਪੀਰੂ ਬੰਦਾ ਸ਼ਮਸ਼ਾਨ ਘਾਟ ਵਿਚ ਮੰਗਲਵਾਰ ਨੂੰ ਦਰਦ, ਸੋਗ ਅਤੇ ਸੰਨਾਟੇ ਦਾ ਅਜਿਹਾ ਮੰਜ਼ਰ ਦੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਵ੍ਰਿੰਦਾਵਨ ਵਿਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਦਾ ਸ਼ਿਕਾਰ ਬਣੇ ਯਸ਼ ਭੱਲਾ ਨੂੰ ਜਦੋਂ ਅੰਤਿਮ ਵਿਦਾਈ ਦਿੱਤੀ ਗਈ, ਤਾਂ ਪੂਰੇ ਵਾਤਾਵਰਣ ਵਿਚ ਗਹਿਰਾ ਮਾਤਮ ਛਾ ਗਿਆ। ਜਿਵੇਂ ਹੀ ਯਸ਼ ਦੀ ਮ੍ਰਿਤਕ ਦੇਹ ਸ਼ਮਸ਼ਾਨ ਘਾਟ ਪਹੁੰਚੀ, ਉੱਥੇ ਮੌਜੂਦ ਸੈਂਕੜੇ ਲੋਕਾਂ ਦੀ ਭੀੜ ਗਮ ਵਿਚ ਡੁੱਬ ਗਈ। ਪਰਿਵਾਰ, ਰਿਸ਼ਤੇਦਾਰ, ਦੋਸਤ ਅਤੇ ਸ਼ਹਿਰ ਦੇ ਲੋਕ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।

PunjabKesari

ਇਸ ਦੌਰਾਨ ਯਸ਼ ਭੱਲਾ ਦੇ ਮਾਤਾ-ਪਿਤਾ ਨੇ ਬੇਹੱਦ ਭਾਵੁਕ ਹੋ ਕੇ ਦੱਸਿਆ ਕਿ ਯਸ਼ ਪਹਿਲੀ ਵਾਰ ਹੀ ਵ੍ਰਿੰਦਾਵਨ ਗਿਆ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਉਸ ਦੀ ਜ਼ਿੰਦਗੀ ਦੀ ਪਹਿਲੀ ਅਤੇ ਆਖਰੀ ਯਾਤਰਾ ਬਣ ਜਾਵੇਗੀ। ਪਰਿਵਾਰਕ ਮੈਂਬਰਾਂ ਦੇ ਇਨ੍ਹਾਂ ਸ਼ਬਦਾਂ ਨੇ ਉੱਥੇ ਮੌਜੂਦ ਹਰ ਵਿਅਕਤੀ ਨੂੰ ਹਿਲਾ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ, ਕੁਝ ਦਿਨ ਪਹਿਲਾਂ ਯਮੁਨਾ ਨਦੀ ਵਿਚ ਹੋਏ ਹਾਦਸੇ ਦੌਰਾਨ ਯਸ਼ ਲਾਪਤਾ ਹੋ ਗਿਆ ਸੀ। ਘਟਨਾ ਤੋਂ ਬਾਅਦ ਤੋਂ ਹੀ ਪਰਿਵਾਰ ਅਤੇ ਪ੍ਰਸ਼ਾਸਨ ਉਸ ਦੀ ਤਲਾਸ਼ ਵਿਚ ਜੁਟੇ ਹੋਏ ਸਨ। ਹਰ ਪਲ ਇਕ ਉਮੀਦ ਸੀ ਕਿ ਯਸ਼ ਸਹੀ-ਸਲਾਮਤ ਵਾਪਸ ਪਰਤ ਆਵੇਗਾ, ਲੇਕਿਨ ਤਿੰਨ ਦਿਨ ਬਾਅਦ ਜਦੋਂ ਉਸ ਦੀ ਲਾਸ਼ ਯਮੁਨਾ ਨਦੀ ਵਿਚੋਂ ਬਰਾਮਦ ਹੋਈ, ਤਾਂ ਇਹ ਖ਼ਬਰ ਪੂਰੇ ਪਰਿਵਾਰ ਲਈ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਸੀ।

PunjabKesari

ਸ਼ਮਸ਼ਾਨ ਘਾਟ 'ਤੇ ਅੰਤਿਮ ਸੰਸਕਾਰ ਦੌਰਾਨ ਭਾਵਨਾਵਾਂ ਦਾ ਸੈਲਾਬ ਉਮੜ ਪਿਆ। ਯਸ਼ ਦੀ ਮਾਂ ਵਾਰ-ਵਾਰ ਆਪਣੇ ਪੁੱਤਰ ਨੂੰ ਅਵਾਜ਼ਾਂ ਮਾਰ ਰਹੀ ਸੀ, ਪਿਤਾ ਬੇਸੁੱਧ ਨਜ਼ਰ ਆਏ ਅਤੇ ਭਰਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਯਸ਼ ਭੱਲਾ ਨੂੰ ਜਾਣਨ ਵਾਲੇ ਲੋਕਾਂ ਨੇ ਦੱਸਿਆ ਕਿ ਉਹ ਬੇਹੱਦ ਮਿਲਣਸਾਰ, ਧਾਰਮਿਕ ਅਤੇ ਖੁਸ਼ਮਿਜ਼ਾਜ ਸੁਭਾਅ ਦਾ ਨੌਜਵਾਨ ਸੀ। ਉਹ ਅਕਸਰ "ਰਾਧੇ-ਰਾਧੇ" ਦਾ ਨਾਮ ਜਪਦਾ ਰਹਿੰਦਾ ਸੀ। ਸ਼ਮਸ਼ਾਨ ਘਾਟ ਵਿਚ ਉਮੜੀ ਭੀੜ ਇਸ ਗੱਲ ਦਾ ਪ੍ਰਮਾਣ ਸੀ ਕਿ ਯਸ਼ ਨੇ ਆਪਣੇ ਜੀਵਨ ਵਿਚ ਕਿੰਨੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਸੀ। ਹਰ ਕੋਈ ਬੱਸ ਇਹੀ ਕਹਿ ਰਿਹਾ ਸੀ ਕਿ ਇੰਨਾ ਹੱਸਮੁੱਖ ਅਤੇ ਨੇਕ ਦਿਲ ਨੌਜਵਾਨ ਇਸ ਤਰ੍ਹਾਂ ਸਭ ਨੂੰ ਛੱਡ ਕੇ ਚਲਾ ਜਾਵੇਗਾ, ਇਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ।


author

Anmol Tagra

Content Editor

Related News