14 ਸਾਲ ਦੀ ਲੜਕੀ ਨੂੰ ਵਰਗਲਾ ਕੇ ਅਸ਼ਲੀਲ ਫੋਟੋਆਂ ਖਿੱਚਣ ਦੇ ਲਾਏ ਦੋਸ਼
Wednesday, Oct 09, 2019 - 01:09 PM (IST)

ਅੰਮ੍ਰਿਤਸਰ (ਛੀਨਾ) : ਮੇਰੀ 14 ਸਾਲ ਦੀ ਲੜਕੀ ਨੂੰ ਵਰਗਲਾ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚਣ ਵਾਲੇ ਵੰਦਨ ਖੰਨਾ ਕਾਰਨ ਸਾਡਾ ਸਾਰਾ ਪਰਿਵਾਰ ਹਰ ਵੇਲੇ ਸਹਿਮਿਆ ਰਹਿੰਦਾ ਹੈ। ਮੇਰੀਆਂ ਬੇਟੀਆਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਹ ਦੋਸ਼ ਜਸਵਿੰਦਰ ਸਿੰਘ ਵਾਸੀ ਈਸ਼ਵਰ ਨਗਰ ਨੇ ਅੱਜ ਇਥੇ ਗੱਲਬਾਤ ਕਰਦਿਆਂ ਲਾਏ। ਉਨ੍ਹਾਂ ਕਿਹਾ ਕਿ ਮੇਰੀ 14 ਸਾਲ ਦੀ ਬੇਟੀ ਤੇ ਵੰਦਨ ਦੀ ਭੈਣ ਆਪਸ 'ਚ ਸਹੇਲੀਆਂ ਸਨ, ਵੰਦਨ ਨੇ ਸਾਜ਼ਿਸ਼ ਨਾਲ ਆਪਣੀ ਭੈਣ ਕੋਲੋਂ ਮੇਰੀ ਬੇਟੀ ਦਾ ਮੋਬਾਇਲ ਨੰਬਰ ਲੈ ਕੇ ਉਸ ਨੂੰ ਵਰਗਲਾ ਲਿਆ। ਇਸ ਗੱਲ ਬਾਰੇ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਆਪਣੀ ਬੇਟੀ ਨੂੰ ਸਮਝਾਉਣ ਤੋਂ ਬਾਅਦ ਵੰਦਨ ਦੇ ਘਰ ਜਾ ਕੇ ਉਸ ਦੇ ਮਾਤਾ-ਪਿਤਾ ਨੂੰ ਬੇਨਤੀ ਕੀਤੀ ਕਿ ਉਹ ਵੰਦਨ ਨੂੰ ਸਮਝਾਉਣ ਪਰ ਉਹ ਅੱਗੋਂ ਸਾਨੂੰ ਹੀ ਧਮਕੀਆਂ ਦੇਣ ਲੱਗ ਪਏ।
ਪੀੜਤ ਨੇ ਕਿਹਾ ਕਿ ਵੰਦਨ ਵੱਲੋਂ ਸਾਡੀ ਗਲੀ 'ਚ ਗੇੜੇ ਮਾਰਨ ਦੇ ਨਾਲ-ਨਾਲ ਸਾਨੂੰ ਲਗਾਤਾਰ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਅਤੇ ਸਾਡੇ ਢਾਈ ਸਾਲ ਦੇ ਬੇਟੇ ਨੂੰ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਸਾਡਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਕ ਦਿਨ ਮੈਂ ਤੇ ਮੇਰੀ ਵੱਡੀ ਬੇਟੀ ਘਰ ਦਾ ਸਾਮਾਨ ਲੈਣ ਕਿਧਰੇ ਜਾ ਰਹੇ ਸੀ ਕਿ ਵੰਦਨ ਸਾਡਾ ਪਿੱਛਾ ਕਰਦਾ ਹੋਇਆ ਸਾਡੇ ਕੋਲ ਆ ਗਿਆ, ਆਉਂਦਿਆਂ ਹੀ ਮੇਰੀ ਬੇਟੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ, ਜਦੋਂ ਮੈਂ ਉਸ ਨੂੰ ਰੋਕਣਾ ਚਾਹਿਆ ਤਾਂ ਉਹ ਮੌਕੇ ਤੋਂ ਤਾਂ ਫਰਾਰ ਹੋ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ ਸਾਡੇ ਘਰ 6-7 ਵਿਅਕਤੀਆਂ ਨੂੰ ਲੈ ਕੇ ਆ ਗਿਆ ਤੇ ਕੁੱਟ-ਮਾਰ ਕਰਨ ਦੇ ਨਾਲ-ਨਾਲ ਮੇਰੇ ਧਾਰਮਿਕ ਕੱਕਾਰਾਂ ਦੀ ਵੀ ਬੇਅਦਬੀ ਕੀਤੀ। ਉਨ੍ਹਾਂ ਕਿਹਾ ਕਿ ਵੰਦਨ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਡੀ. ਸੀ. ਪੀ. ਅਤੇ ਪੁਲਸ ਚੌਕੀ ਕੋਟ ਮਿੱਤ ਸਿੰਘ ਵਿਖੇ ਵੀ ਦਰਖਾਸਤ ਦਿੱਤੀ ਗਈ ਹੈ।
ਵੰਦਨ ਦੇ ਪਿਤਾ ਨੇ ਦੋਸ਼ਾਂ ਨੂੰ ਨਕਾਰਿਆ
ਇਸ ਸਬੰਧੀ ਜਦੋਂ ਵੰਦਨ ਖੰਨਾ ਦੇ ਪਿਤਾ ਮੁਕੇਸ਼ ਖੰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜਸਵਿੰਦਰ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਵੰਦਨ ਤੇ ਜਸਵਿੰਦਰ ਸਿੰਘ ਦੀ ਬੇਟੀ ਦੀ ਦੋਸਤੀ ਜ਼ਰੂਰ ਸੀ ਪਰ ਉਸ ਨੇ ਕਦੇ ਵੀ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਨਹੀਂ ਖਿੱਚੀਆਂ ਤੇ ਨਾ ਹੀ ਕਦੇ ਜਸਵਿੰਦਰ ਦੇ ਪਰਿਵਾਰ ਨੂੰ ਕੋਈ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਆਪਣੀ ਬੇਟੀ ਦਾ ਵਿਆਹ ਵੰਦਨ ਨਾਲ ਕਰਵਾਉਣਾ ਚਾਹੁੰਦਾ ਹੈ, ਜਿਸ ਲਈ ਅਸੀਂ ਸਹਿਮਤ ਨਹੀਂ ਹਾਂ। ਇਸੇ ਕਾਰਨ ਉਹ ਆਏ ਦਿਨ ਸਾਨੂੰ ਬਦਨਾਮ ਕਰਨ ਤੇ ਸਾਡੇ 'ਤੇ ਪੁਲਸ ਕੇਸ ਦਰਜ ਕਰਵਾਉਣ ਦੀਆਂ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ।