ਅੰਮ੍ਰਿਤਸਰ : ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
Sunday, Jul 08, 2018 - 10:48 AM (IST)

ਭਕਨਾ ਕਲਾਂ/ ਬਾਬਾ ਬਕਾਲਾ ਸਾਹਿਬ (ਜਸਬੀਰ/ਰਾਕੇਸ਼/ਕੰਗ/ਦਿਨੇਸ਼) : ਪੰਜਾਬ 'ਚ ਨਸ਼ਿਆਂ ਨਾਲ ਮਰਨ ਵਾਲਿਆਂ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਆਜਿਹਾ ਹੀ ਮਾਮਲਾ ਸਰਹੱਦੀ ਪਿੰਡ ਕੱਲੇਵਾਲ 'ਚ ਸਾਹਮਣੇ ਆਇਆ ਹੈ, ਜਿਥੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸਵਰਣ ਸਿੰਘ ਪੁੱਤਰ ਮੋਤਾ ਸਿੰਘ ਜੋ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਹੋ ਚੁੱਕਾ ਸੀ ਤੇ ਇਹੀ ਨਸ਼ਾ ਉਸ ਨੂੰ ਮੌਤ ਦੀ ਗੋਦ 'ਚ ਲੈ ਗਿਆ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਪੁੱਤਰ ਪਿਛਲੇ ਕੁਝ ਸਮੇਂ ਤੋਂ ਮਾੜੀ ਸੰਗਤ 'ਚ ਪੈ ਗਿਆ ਸੀ ਤੇ ਉਹ ਨਸ਼ੇ ਦਾ ਆਦੀ ਹੋ ਚੁੱਕਾ ਸੀ ਪਰ ਉਹ ਹੁਣ ਇਸ ਭਿਆਨਕ ਬੀਮਾਰੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਤੇ ਅਸੀਂ ਉਸ ਨੂੰ ਉਸ ਦੀ ਮਰਜ਼ੀ ਨਾਲ ਗੋਇੰਦਵਾਲ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਸੀ, ਜਿਥੋਂ ਉਹ ਇਕ ਦਿਨ ਪਹਿਲਾਂ ਹੀ ਘਰ ਆਇਆ ਸੀ ਤੇ ਬੀਤੀ ਰਾਤ ਜਦੋਂ ਮੈਂ 11 ਵਜੇ ਦੇ ਕਰੀਬ ਉਠ ਕੇ ਦੇਖਿਆ ਤਾਂ ਮੇਰਾ ਪੁੱਤਰ ਆਪਣੇ ਮੰਜੇ 'ਤੇ ਨਹੀਂ ਸੀ। ਅਸੀਂ ਸਾਰੇ ਘਰ 'ਚ ਭਾਲ ਕੀਤੀ, ਜਦੋਂ ਬਾਥਰੂਮ ਦਾ ਦਰਵਾਜ਼ਾ ਤੋੜਿਆ ਤਾਂ ਸਰਵਣ ਸਿੰਘ ਅੰਦਰ ਡਿੱਗਾ ਪਿਆ ਸੀ ਤੇ ਉਸ ਦੇ ਹੱਥ 'ਚ ਨਸ਼ੇ ਵਾਲੀ ਸਰਿੰਜ ਸੀ, ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ।