ਨਸ਼ੇ ਦੀ ਹਾਲਤ ''ਚ ਸੁੱਤੇ ਡਰਾਈਵਰ ਨੂੰ ਡਾਂਸਰ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਉਤਾਰਿਆ ਸੀ ਮੌਤ ਦੇ ਘਾਟ

Sunday, Jun 02, 2019 - 12:38 PM (IST)

ਨਸ਼ੇ ਦੀ ਹਾਲਤ ''ਚ ਸੁੱਤੇ ਡਰਾਈਵਰ ਨੂੰ ਡਾਂਸਰ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਉਤਾਰਿਆ ਸੀ ਮੌਤ ਦੇ ਘਾਟ

ਅੰਮ੍ਰਿਤਸਰ (ਅਰੁਣ) : ਬੀਤੇ ਦਿਨੀਂ ਫਤਿਹ ਸਿੰਘ ਕਾਲੋਨੀ ਦੀ ਦੁਸਹਿਰਾ ਗਰਾਊਂਡ 'ਚ ਇਕ ਨੌਜਵਾਨ ਟੈਕਸੀ ਡਰਾਈਵਰ ਦੀ ਕਤਲ ਕੀਤੀ ਲਾਸ਼ ਬਰਾਮਦ ਕੀਤੇ ਜਾਣ ਸਬੰਧੀ ਪੁਲਸ ਨੇ ਫਤਿਹ ਸਿੰਘ ਕਾਲੋਨੀ ਵਾਸੀ ਡਾਂਸਰ ਮੋਨਿਕਾ ਉਰਫ ਮੁਸਕਾਨ ਪਤਨੀ ਹਰਦੀਪ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਸ ਡਾਂਸਰ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਹਰਪਾਲ ਸਿੰਘ ਦੀ ਕਤਲ ਕੀਤੀ ਲਾਸ਼ ਬਰਾਮਦ ਹੋਣ ਮਗਰੋਂ ਪੁਲਸ ਨੇ ਦੁਸਹਿਰਾ ਗਰਾਊਂਡ ਨੇੜੇ ਸਥਿਤ ਕਲਚਰਲ ਗਰੁੱਪ ਦੀ ਡਾਂਸਰ ਮੋਨਿਕਾ ਦੇ ਘਰ ਦਸਤਕ ਦਿੱਤੀ ਸੀ। ਘਰ ਦੀ ਤਲਾਸ਼ੀ ਦੌਰਾਨ ਕਤਲ ਨਾਲ ਸਬੰਧਤ ਕੁਝ ਅਹਿਮ ਸੁਰਾਗ ਅਤੇ ਸਬੂਤ ਪੁਲਸ ਦੇ ਹੱਥ ਲੱਗੇ ਸਨ। ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਦੀ ਸ਼ਿਕਾਇਤ 'ਤੇ ਥਾਣਾ ਗੇਟ ਹਕੀਮਾਂ ਦੀ ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਦਿਆਂ ਸੀ. ਆਈ. ਏ. ਸਟਾਫ ਦੀ ਪੁਲਸ ਵੱਲੋਂ ਮੌਕੇ 'ਤੇ ਫਰਾਰ ਹੋਈ ਉਕਤ ਡਾਂਸਰ ਮੋਨਿਕਾ ਨੂੰ ਗ੍ਰਿਫਤਾਰ ਕਰ ਲਿਆ।

ਮੁੱਢਲੀ ਪੁੱਛਗਿੱਛ 'ਚ ਕਬੂਲਿਆ ਜੁਰਮ
ਡੀ. ਸੀ. ਪੀ. ਜਾਂਚ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਮੋਨਿਕਾ ਨੇ ਆਪਣਾ ਜੁਰਮ ਕਬੂਲਦਿਆਂ ਇਸ ਵਾਰਦਾਤ 'ਚ ਉਸ ਦੇ 3 ਹੋਰ ਸਾਥੀਆਂ ਦਾ ਵੀ ਖੁਲਾਸਾ ਕੀਤਾ। ਪੁਲਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਮੋਨਿਕਾ ਦੇ 3 ਸਾਥੀਆਂ ਅਕਾਸ਼ ਗੋਰੀ ਵਾਸੀ ਗਲੀ ਖਾਈ ਵਾਲੀ ਲਾਹੌਰੀ ਗੇਟ, ਮੰਮੂ ਉਰਫ ਅੰਸ਼ੂ ਪੁੱਤਰ ਚੂਨੀ ਲਾਲ ਅਤੇ ਕਸ਼ਯਪ ਪੁੱਤਰ ਸੰਜੀਵ ਕੁਮਾਰ ਦੋਵੇਂ ਵਾਸੀ ਇੰਦਰਾ ਕਾਲੋਨੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ।

ਕਿਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ
ਮੋਨਿਕਾ ਨੇ ਮੰਨਿਆ ਕਿ ਉਸ ਦੇ ਹਰਪਾਲ ਸਿੰਘ ਨਾਲ ਕੁਝ ਸਮੇਂ ਤੋਂ ਸਬੰਧ ਸਨ। ਹਰਪਾਲ ਸਿੰਘ ਆਪਣੀ ਪਤਨੀ ਨੂੰ ਤਲਾਕ ਦੇਣ ਮਗਰੋਂ ਉਸ ਨਾਲ ਵਿਆਹ ਕਰਵਾਉਣ ਦਾ ਝੂਠਾ ਲਾਰਾ ਲਾ ਰਿਹਾ ਸੀ। ਬੀਤੇ ਦਿਨੀਂ ਉਹ ਦੋਵੇਂ ਕਿਸੇ ਦੂਸਰੇ ਸ਼ਹਿਰ 'ਚ 20 ਦਿਨ ਰਹਿਣ ਮਗਰੋਂ 2-3 ਦਿਨ ਪਹਿਲਾਂ ਹੀ ਵਾਪਸ ਆਏ ਸਨ। ਉਸ ਨੂੰ ਇਹ ਪਤਾ ਲੱਗਾ ਗਿਆ ਕਿ ਹਰਪਾਲ ਸਿੰਘ ਨੇ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੱਤਾ, ਜਿਸ 'ਤੇ ਉਹ ਗੁੱਸੇ 'ਚ ਲਾਲ-ਪੀਲੀ ਹੋ ਗਈ। ਰਾਤ ਸ਼ਰਾਬ ਦੇ ਨਸ਼ੇ 'ਚ ਆਇਆ ਹਰਪਾਲ ਸਿੰਘ ਜਦੋਂ ਸੁੱਤਾ ਪਿਆ ਸੀ ਤਾਂ ਉਸ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਉਸ ਨੂੰ ਹਮੇਸ਼ਾ ਦੀ ਨੀਂਦ ਸੁਲਾ ਦਿੱਤਾ। ਫੋਨ ਕਰ ਕੇ ਦੇਰ ਰਾਤ ਉਸ ਨੇ ਆਪਣੇ 3 ਸਾਥੀਆਂ ਅਕਾਸ਼ ਗੋਰੀ, ਮੰਮੂ ਅਤੇ ਕਸ਼ਯਪ ਨੂੰ ਬੁਲਾਇਆ ਅਤੇ ਹਰਪਾਲ ਸਿੰਘ ਦੀ ਲਾਸ਼ ਨੂੰ ਸਕੂਟਰੀ 'ਤੇ ਰੱਖ ਕੇ ਦੁਸਹਿਰਾ ਗਰਾਊਂਡ 'ਚ ਸੁੱਟਵਾ ਦਿੱਤਾ ਸੀ। ਪੁਲਸ ਸੂਤਰਾਂ ਮੁਤਾਬਕ ਡਾਂਸਰ ਮੋਨਿਕਾ ਦੇ ਹਰਪਾਲ ਤੋਂ ਪਹਿਲਾਂ ਮੰਮੂ ਨਾਲ ਵੀ ਸਬੰਧ ਸਨ।


author

Baljeet Kaur

Content Editor

Related News