ਪੰਜਾਬ ''ਚ ਕੁਲ 3, ਅੰਮ੍ਰਿਤਸਰ ''ਚ 2 ਵਪਾਰੀਆਂ ਕੋਲ ਪਟਾਕੇ ਬਣਾਉਣ ਦਾ ਲਾਇਸੈਂਸ

09/30/2019 9:47:59 AM

ਅੰਮ੍ਰਿਤਸਰ (ਨੀਰਜ) - ਬਟਾਲਾ ਦੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਅੱਧੀ ਦਰਜਨ ਲੋਕਾਂ ਦੀ ਮੌਤ ਹੋਈ ਤਾਂ ਪੰਜਾਬ ਸਰਕਾਰ ਹਰਕਤ 'ਚ ਆ ਗਈ। ਇਸ ਨਾਲ ਪੰਜਾਬ 'ਚ ਨਾਜਾਇਜ਼ ਚੱਲ ਰਹੀਆਂ ਪਟਾਕਾ ਫੈਕਟਰੀਆਂ ਨੂੰ ਬੰਦ ਕਰਨ ਦੀ ਆਵਾਜ਼ ਵੀ ਗੂੰਜਣ ਲੱਗੀ। ਇਸ ਘਟਨਾ ਦੇ ਕੁਝ ਦਿਨ ਬੀਤ ਜਾਣ ਤੋਂ ਬਾਅਦ ਹਾਲਾਤ ਫਿਰ ਪਹਿਲਾਂ ਵਰਗੇ ਹੋ ਗਏ ਹਨ। ਨਾਜਾਇਜ਼ ਪਟਾਕੇ ਬਣਾਉਣ ਦੀ ਗੱਲ ਕਰੀਏ ਤਾਂ ਐਕਸਪਲੋਸਿਵ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੂਰੇ ਪੰਜਾਬ 'ਚ ਸਿਰਫ 3 ਲਾਇਸੈਂਸ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਚੋਂ 2 ਅੰਮ੍ਰਿਤਸਰ ਜ਼ਿਲੇ ਦੇ ਵਪਾਰੀਆਂ ਕੋਲ ਹਨ। ਪਹਿਲਾ ਲਾਇਸੈਂਸ ਮਾਨਸਾ ਜ਼ਿਲੇ ਦੀ ਆਰ. ਕੇ. ਟ੍ਰੇਡਿੰਗ ਕੰਪਨੀ ਕੋਲ ਹੈ, ਜਦਕਿ ਅੰਮ੍ਰਿਤਸਰ ਜ਼ਿਲੇ ਦਾ ਮਹਾਰਾਜਾ ਫਾਇਰ ਵਰਕਸ ਪਿੰਡ ਰਾਜੋਵਾਲ ਜੰਡਿਆਲਾ ਗੁਰੂ ਨੇੜੇ ਹੈ। ਇਕ ਲਾਇਸੈਂਸ ਪਿੰਡ ਬਲਬੀਰ ਸਿੰਘ ਐਂਡ ਸੰਨਜ਼ ਇੱਬਣ ਕੋਲ ਹੈ ਪਰ ਨਾਜਾਇਜ਼ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਕੋਲ ਨਾ ਤਾਂ ਐਕਸਪਲੋਸਿਵ ਵਿਭਾਗ ਦਾ ਲਾਇਸੈਂਸ ਹੈ ਤੇ ਨਾ ਹੀ ਕਿਸੇ ਨਿਯਮ, ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ।

ਅੰਮ੍ਰਿਤਸਰ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਨੇ ਬਟਾਲਾ ਧਮਾਕੇ ਤੋਂ ਕੋਈ ਸਬਕ ਨਹੀਂ ਲਿਆ। ਜ਼ਿਲੇ 'ਚ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਪਟਾਕਾ ਫੈਕਟਰੀਆਂ ਬਾਰੇ 'ਜਗ ਬਾਣੀ' ਵਲੋਂ ਜਦੋਂ ਸਰਵੇ ਕੀਤਾ ਗਿਆ ਤੇ ਸਰਕਾਰੀ ਰਿਕਾਰਡ ਖੰਗਾਲੇ ਤਾਂ ਪਤਾ ਲੱਗਾ ਕਿ ਪਿੰਡ ਇੱਬਣ ਕਲਾਂ ਸਮੇਤ ਅੰਨਗੜ੍ਹ ਅਤੇ ਪੁਤਲੀਘਰ ਦੇ ਇਲਾਕਿਆਂ 'ਚ ਲਗਭਗ ਇਕ ਦਰਜਨ ਨਾਜਾਇਜ਼ ਪਟਾਕਾ ਫੈਕਟਰੀਆਂ ਪੁਲਸ ਦੀ ਛਤਰ-ਛਾਇਆ ਹੇਠ ਚੱਲ ਰਹੀਆਂ ਹਨ। ਅੰਨਗੜ੍ਹ ਦੇ ਇਲਾਕੇ 'ਚ ਤਾਂ ਛੋਟੇ-ਛੋਟੇ ਘਰਾਂ 'ਚ ਪਟਾਕੇ ਤਿਆਰ ਕੀਤੇ ਜਾ ਰਹੇ ਹਨ ਪਰ ਪਿੰਡ ਇੱਬਣ 'ਚ ਤਾਂ ਸ਼ਰੇਆਮ 4 ਵੱਡੀਆਂ ਫੈਕਟਰੀਆਂ 'ਚ ਪਟਾਕੇ ਤਿਆਰ ਕੀਤੇ ਜਾ ਰਹੇ ਹਨ। ਇਸ ਪਿੰਡ 'ਚ ਸਿਰਫ 1 ਪਟਾਕਾ ਫੈਕਟਰੀ ਦੇ ਮਾਲਕ ਕੋਲ ਐਕਸਪਲੋਸਿਵ ਵਿਭਾਗ ਸੈਂਟਰਲ ਦਾ ਲਾਇਸੈਂਸ ਹੈ, ਜਦਕਿ ਹੋਰ ਫੈਕਟਰੀਆਂ ਬਿਨਾਂ ਲਾਇਸੈਂਸ ਦੇ ਚਲਾਈਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਜਦੋਂ ਬਟਾਲਾ ਪਟਾਕਾ ਫੈਕਟਰੀ 'ਚ ਧਮਾਕਾ ਹੋਇਆ ਤਾਂ ਕੁਝ ਦਿਨਾਂ ਲਈ ਇਨ੍ਹਾਂ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਮਾਮਲਾ ਠੰਡਾ ਹੁੰਦੇ ਫਿਰ ਨਾਜਾਇਜ਼ ਪਟਾਕੇ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ, ਜਿਸ ਨੂੰ ਰੋਕਣ ਦੀ ਪ੍ਰਸ਼ਾਸਨ ਨੂੰ ਸਖਤ ਲੋੜ ਹੈ। ਆਲਮ ਇਹ ਹੈ ਕਿ ਇਨ੍ਹਾਂ ਫੈਕਟਰੀਆਂ 'ਚ ਬਾਹਰੋਂ ਤਾਂ ਤਾਲੇ ਲੱਗੇ ਹੁੰਦੇ ਹਨ ਪਰ ਅੰਦਰ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਹੁੰਦਾ ਹੈ।

ਪਾਬੰਦੀਸ਼ੁਦਾ ਹਵਾਈ ਤੋਂ ਲੈ ਕੇ ਬਣਾਏ ਜਾ ਰਹੇ ਹਨ ਤੋੜੇ ਵਾਲੇ ਬੰਬ
ਹਾਈ ਕੋਰਟ ਅਤੇ ਐਕਸਪਲੋਸਿਵ ਵਿਭਾਗ ਵੱਲੋਂ ਕਾਨੇ ਵਾਲੀ ਹਵਾਈ ਨੂੰ ਬੈਨ ਕੀਤਾ ਗਿਆ ਹੈ ਕਿਉਂਕਿ ਇਸ ਦੇ ਨਿਰਮਾਣ 'ਚ ਲੋਹੇ ਦੇ ਛੱਲੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਹਵਾਈ ਜਦੋਂ ਅੱਗ ਲਾਏ ਜਾਣ ਤੋਂ ਬਾਅਦ ਉਡਦੀ ਹੈ ਤਾਂ ਇਸ ਦੇ ਅੱਗੇ ਲੱਗਾ ਲੋਹੇ ਦਾ ਛੱਲਾ ਬੰਦੂਕ ਦੀ ਗੋਲੀ ਵਾਂਗ ਰੂਪ ਧਾਰਨ ਕਰ ਲੈਂਦਾ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਸਕਦਾ ਹੈ। ਇਸ ਦੇ ਬਾਵਜੂਦ ਕਾਨੇ ਵਾਲੀ ਹਵਾਈ ਦਾ ਅੰਨਗੜ੍ਹ ਦੇ ਇਲਾਕੇ ਵਿਚ ਨਾਜਾਇਜ਼ ਤੌਰ 'ਤੇ ਨਿਰਮਾਣ ਕੀਤਾ ਜਾ ਰਿਹਾ ਹੈ। ਪੁਲਸ ਮੂਕਦਰਸ਼ਕ ਬਣੀ ਹੋਈ ਹੈ। ਇੰਨਾ ਹੀ ਨਹੀਂ, ਤੋੜੇ ਵਾਲਾ ਬੰਬ ਜੋ ਇਕ ਇੰਚ ਤੋਂ ਜ਼ਿਆਦਾ ਵੱਡਾ ਨਹੀਂ ਹੋਣਾ ਚਾਹੀਦਾ, ਦਾ ਵੀ ਨਾਜਾਇਜ਼ ਤੌਰ 'ਤੇ ਨਿਰਮਾਣ ਹੋ ਰਿਹਾ ਹੈ ਅਤੇ 2 ਤੋਂ 3 ਇੰਚ ਤੱਕ ਦੇ ਬੰਬ ਬਣਾਏ ਜਾ ਰਹੇ ਹਨ। ਇਸ ਬੰਬ ਨੂੰ ਅੱਗ ਲਾਉਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੁੰਦਾ ਹੈ।


ਬਿਨਾਂ ਲਾਇਸੈਂਸ ਕਿਵੇਂ ਮਿਲ ਜਾਂਦੈ ਪਟਾਕੇ ਬਣਾਉਣ ਵਾਲਾ ਕੈਮੀਕਲ?
ਪੁਲਸ ਦੀ ਛਤਰ-ਛਾਇਆ ਕਾਰਨ ਬਿਨਾਂ ਲਾਇਸੈਂਸ ਵਾਲੀਆਂ ਫੈਕਟਰੀਆਂ 'ਚ ਪਟਾਕੇ ਤਾਂ ਬਣਾਏ ਹੀ ਜਾ ਰਹੇ ਹਨ, ਉਥੇ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਨਾਜਾਇਜ਼ ਫੈਕਟਰੀਆਂ ਨੂੰ ਪਟਾਕੇ ਬਣਾਉਣ ਲਈ ਕੈਮੀਕਲ ਕਿਥੋਂ ਮਿਲ ਰਿਹਾ ਹੈ, ਜਦਕਿ ਇਸ ਕੈਮੀਕਲ ਤੋਂ ਗ੍ਰਨੇਡ ਵਰਗਾ ਬੰਬ ਵੀ ਬਣਾਇਆ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਨਾਜਾਇਜ਼ ਤੌਰ 'ਤੇ ਇਹ ਕੈਮੀਕਲ ਅੰਮ੍ਰਿਤਸਰ ਅਤੇ ਪੰਜਾਬ ਦੀਆਂ ਨਾਜਾਇਜ਼ ਪਟਾਕਾ ਫੈਕਟਰੀਆਂ 'ਚ ਸਪਲਾਈ ਕੀਤਾ ਜਾ ਰਿਹਾ ਹੈ। ਇਸ ਦੀ ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ 'ਚ ਗੈਂਗਸਟਰਾਂ ਵੱਲੋਂ ਵਰਤੋਂ ਵੀ ਕੀਤੀ ਜਾਂਦੀ ਹੈ।


rajwinder kaur

Content Editor

Related News