ਜ਼ਮੀਨ ਲਈ ਜ਼ਮੀਰ ਦਾ ''ਕਤਲ'' : ਪੁੱਤਾਂ ਨੇ ਪਿਓ ''ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

04/20/2019 10:07:04 AM

ਅੰਮ੍ਰਿਤਸਰ (ਸਫਰ) - ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਪੁੱਤ ਉਨ੍ਹਾਂ ਦੇ ਬੁਢਾਪੇ ਦੀ ਲਾਠੀ ਬਣੇ। ਅਜਿਹੀ ਹੀ ਮੰਨਤ ਮਾਨਾਂਵਾਲਾ ਦੇ ਸਵਿੰਦਰ ਸਿੰਘ ਨੇ ਪਿੰਡ ਦੇ ਗੁਰਦੁਆਰੇ ਤੋਂ ਮੰਗੀ ਸੀ। ਰੱਬ ਨੇ 2 ਪੁੱਤਰ ਦਿੱਤੇ। ਪੁੱਤ ਹੌਲੀ-ਹੌਲੀ ਵੱਡੇ ਹੋਏ ਤਾਂ ਘਰ ਦਾ ਖਰਚ ਚੱਲਣਾ ਮੁਸ਼ਕਿਲ ਹੋ ਗਿਆ। ਦੋਵੇਂ ਪੁੱਤਰ ਲਵਪ੍ਰੀਤ ਸਿੰਘ ਉਰਫ ਲਵ ਤੇ ਅਮਨਦੀਪ ਸਿੰਘ ਉਰਫ ਗੈਰੀ ਕੋਈ ਕਾਰੋਬਾਰ ਤਾਂ ਕਰਦੇ ਨਹੀਂ ਸਨ ਸਗੋਂ ਆਪਣੇ ਪਿਤਾ 'ਤੇ ਦਬਾਅ ਪਾਉਣ ਲੱਗੇ। ਇਸ ਦੌਰਾਨ ਸਵਿੰਦਰ ਸਿੰਘ ਪਿੰਡ ਛੱਡ ਕੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਏ-ਬਲਾਕ 'ਚ ਸਕਿਓਰਿਟੀ ਗਾਰਡ ਦੀ ਨੌਕਰੀ ਕਰਨ ਲੱਗਾ। ਵੀਰਵਾਰ ਦੀ ਗੱਲ ਹੈ, ਸਵਿੰਦਰ ਸਿੰਘ ਦੇ ਦੋਵੇਂ ਪੁੱਤਾਂ ਲਵ ਤੇ ਗੌਰੀ ਨੇ ਆਪਣੇ ਨਾਲ ਗੁਆਂਢੀ ਸੋਨਾ ਨਾਂ ਦੇ ਨੌਜਵਾਨ ਨਾਲ ਰਣਜੀਤ ਐਵੀਨਿਊ ਪਹੁੰਚ ਕੇ ਸਵਿੰਦਰ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਰਣਜੀਤ ਐਵੀਨਿਊ ਦੇ ਏ. ਐੱਸ. ਆਈ. ਗੁਰਦਿਆਲ ਸਿੰਘ ਘਟਨਾ ਥਾਂ 'ਤੇ ਪੁੱਜੇ, ਉਦੋਂ ਤੱਕ ਜ਼ਖਮੀ ਸਵਿੰਦਰ ਸਿੰਘ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ, ਜਦੋਂ ਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। 'ਜਗ ਬਾਣੀ' ਨਾਲ ਗੱਲਬਾਤ 'ਚ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਵਿੰਦਰ ਸਿੰਘ 'ਤੇ ਹਮਲਾ ਕਰਨ ਵਾਲੇ ਉਨ੍ਹਾਂ ਦੇ ਦੋਵੇਂ ਪੁੱਤਰ ਹਨ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿਤਾ ਦੇ ਨਾਂ 'ਤੇ ਕਰੀਬ 1 ਕਿੱਲਾ ਜ਼ਮੀਨ ਉਨ੍ਹਾਂ ਦੇ ਨਾਂ ਕਰ ਦਿੱਤੀ ਜਾਵੇ, ਜਦੋਂ ਕਿ ਸਵਿੰਦਰ ਸਿੰਘ ਇਹ ਕਰਨ 'ਤੇ ਰਾਜ਼ੀ ਨਹੀਂ ਹੈ। ਇਹੀ ਵਜ੍ਹਾ ਹੈ ਕਿ ਉਸ 'ਤੇ ਉਸ ਦੇ ਹੀ ਪੁੱਤਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲਿਆ। ਪੁਲਸ ਨੇ ਤਿੰਨਾਂ ਲੋਕਾਂ ਨੂੰ ਨਾਮਜ਼ਦ ਕਰਦਿਆਂ ਬਾਕੀ 3-4 ਹੋਰ ਲੋਕਾਂ ਖਿਲਾਫ ਕੁੱਟ-ਮਾਰ ਦਾ ਮਾਮਲਾ ਦਰਜ ਕੀਤਾ ਹੈ। ਛਾਪੇਮਾਰੀ ਲਈ ਟੀਮਾਂ ਜੁਟੀਆਂ ਹੋਈਆਂ ਹਨ।

ਜ਼ਖਮਾਂ ਤੋਂ ਜ਼ਿਆਦਾ ਦਰਦ ਇਹ ਹੈ ਕਿ ਇਹ 'ਪੁੱਤਾਂ' ਨੇ ਦਿੱਤਾ
ਸਵਿੰਦਰ ਸਿੰਘ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਕਹਿੰਦਾ ਹੈ ਕਿ ਰੱਬ ਕਿਸੇ ਨੂੰ ਔਲਾਦ ਦੇਵੇ ਤਾਂ ਚੰਗੀ ਦੇਵੇ, ਅਜੋਕੇ ਦੌਰ 'ਚ ਰਿਸ਼ਤੇ-ਨਾਤੇ ਜ਼ਮੀਨ-ਜਾਇਦਾਦ ਅੱਗੇ ਬੌਣੇ ਹੁੰਦੇ ਜਾ ਰਹੇ ਹਨ। ਮੈਂ ਪਤਾ ਨਹੀਂ ਕਿਨ੍ਹਾਂ ਕਰਮਾਂ ਦਾ ਫਲ ਭੋਗ ਰਿਹਾ ਹਾਂ। ਜਿਨ੍ਹਾਂ ਪੁੱਤਾਂ ਨੂੰ ਬੁਢਾਪੇ ਦੀ ਲਾਠੀ ਲਈ ਮੰਗਿਆ ਸੀ, ਉਨ੍ਹਾਂ ਨੇ ਜ਼ਮੀਨ ਲਈ ਜ਼ਮੀਰ ਦੀ ਹੱਤਿਆ ਕਰ ਦਿੱਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਮੈਨੂੰ ਜ਼ਖਮੀ। ਮੈਨੂੰ ਜ਼ਖਮਾਂ ਤੋਂ ਜ਼ਿਆਦਾ ਦਰਦ ਇਸ ਗੱਲ ਦਾ ਹੈ ਕਿ ਇਹ ਜ਼ਖਮ ਮੇਰੇ ਪੁੱਤਾਂ ਨੇ ਮੈਨੂੰ ਦਿੱਤੇ ਹਨ।


Baljeet Kaur

Content Editor

Related News