ਤਖਤ ਸ੍ਰੀ ਕੇਸਗੜ੍ਹ ਦੀ ਸਰਾਂ ''ਚ ਕਮਰੇ ਨੂੰ ਲੈ ਕੇ ਹੋਈ ਝੜਪ, ਤੇਜ਼ਧਾਰ ਹਥਿਆਰਾਂ ਨਾਲ ਹਮਲਾ

Saturday, Mar 07, 2026 - 07:48 PM (IST)

ਤਖਤ ਸ੍ਰੀ ਕੇਸਗੜ੍ਹ ਦੀ ਸਰਾਂ ''ਚ ਕਮਰੇ ਨੂੰ ਲੈ ਕੇ ਹੋਈ ਝੜਪ, ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਸ੍ਰੀ ਅਨੰਦਪੁਰ ਸਾਹਿਬ (ਚੌਵੇਸ਼): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਕਮਰਾ ਲੈਣ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਉਸ ਵੇਲੇ ਹਿੰਸਕ ਰੂਪ ਧਾਰ ਲਿਆ ਜਦੋਂ ਨਿਹੰਗ ਸਿੰਘਾਂ ਦੇ ਇੱਕ ਜਥੇ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪ ਹੋ ਗਈ। ਇਸ ਘਟਨਾ ਦੌਰਾਨ ਨਿਹੰਗਾਂ ਵੱਲੋਂ ਕਮੇਟੀ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਤਿੰਨ ਸੇਵਾਦਾਰਾਂ ਨੂੰ ਅਗਵਾ ਕਰ ਲਿਆ ਗਿਆ, ਜਿਨ੍ਹਾਂ ਨੂੰ ਬਾਅਦ 'ਚ ਪੁਲਸ ਦੀ ਮਦਦ ਨਾਲ ਗੰਭੀਰ ਹਾਲਤ 'ਚ ਛੁਡਵਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੀ ਦੇਰ ਰਾਤ ਇੱਕ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਵੱਲੋਂ ਸਰਾਂ ਵਿੱਚ ਕਮਰਾ ਲੈਣ ਦੀ ਗੱਲ ਨੂੰ ਲੈ ਕੇ ਮੁਲਾਜ਼ਮਾਂ ਨਾਲ ਬਹਿਸ ਹੋਈ ਸੀ। ਇਸ ਤੋਂ ਬਾਅਦ ਤਕਰੀਬਨ ਇੱਕ ਦਰਜਨ ਹਥਿਆਰਬੰਦ ਨਿਹੰਗਾਂ ਨੇ ਯਾਤਰੀ ਨਿਵਾਸ 'ਤੇ ਧਾਵਾ ਬੋਲ ਦਿੱਤਾ। ਹਮਲਾਵਰਾਂ ਨੇ ਸਰਾਂ ਵਿੱਚ ਲੈਂਪ, ਸ਼ੀਸ਼ੇ ਅਤੇ ਕੁਰਸੀਆਂ ਦੀ ਭੰਨਤੋੜ ਕੀਤੀ ਅਤੇ ਕਮਰਿਆਂ ਦੀ ਬੁਕਿੰਗ ਦਾ ਹਜ਼ਾਰਾਂ ਰੁਪਏ ਕੈਸ਼ ਵੀ ਲੁੱਟ ਲਿਆ।

ਹਮਲਾਵਰਾਂ ਨੇ ਦੋ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਇੱਕ ਕਾਰ-ਸੇਵਾ ਭੂਰੀ ਵਾਲਿਆਂ ਦੇ ਸੇਵਾਦਾਰ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਖਾਲਸਾ ਕਾਲਜ ਦੇ ਸਾਹਮਣੇ ਬਣੇ ਡੇਰੇ ਵਿੱਚ ਲੈ ਗਏ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ ਨੇ ਪੁਲਸ ਦੀ ਮਦਦ ਨਾਲ ਇਨ੍ਹਾਂ ਸੇਵਾਦਾਰਾਂ ਨੂੰ ਛੁਡਵਾਇਆ। ਨਿਹੰਗਾਂ ਵੱਲੋਂ ਕੀਤੇ ਤਸ਼ੱਦਦ ਕਾਰਨ ਸੇਵਾਦਾਰਾਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ ਹਨ। ਕੁੱਲ ਚਾਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ, ਨਿਹੰਗ ਮੁਖੀ ਬਾਬਾ ਹਰੀ ਸਿੰਘ ਵੀ ਹਸਪਤਾਲ ਵਿੱਚ ਦਾਖਲ ਹੋਏ ਹਨ।

ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਪੁਲਸ ਵੱਲੋਂ ਕਾਰਵਾਈ ਵਿੱਚ ਢਿੱਲ ਵਰਤਣ ਦੇ ਦੋਸ਼ ਲਗਾਉਂਦੇ ਹੋਏ ਸੈਂਕੜੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਦੇਰ ਰਾਤ 11 ਵਜੇ ਡਾਂਗਾਂ ਅਤੇ ਕਿਰਪਾਨਾਂ ਲੈ ਕੇ ਨਿਹੰਗਾਂ ਦੇ ਡੇਰੇ ਨੂੰ ਘੇਰ ਲਿਆ। ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਅਤੇ ਮੁਲਾਜ਼ਮਾਂ ਨੇ ਦੇਰ ਰਾਤ 2 ਵਜੇ ਤੱਕ ਪੁਲਿਸ ਥਾਣੇ ਅਤੇ ਸਿਵਲ ਹਸਪਤਾਲ ਦੇ ਬਾਹਰ ਧਰਨਾ ਦਿੱਤਾ।

ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਸ ਅਤੇ ਦੰਗਾ ਵਿਰੋਧੀ ਫੋਰਸ ਤਾਇਨਾਤ ਕੀਤੀ ਗਈ ਹੈ। ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਐੱਸ.ਐੱਚ.ਓ. ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਕਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਪੁਲਸ ਵੱਲੋਂ ਜ਼ਖਮੀਆਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News