ਇਨਸਾਨੀਅਤ ਹੋਈ ਸ਼ਰਮਸਾਰ : 4 ਮੌਤਾਂ ਦੇ 20 ਲੱਖ ਦੇ ਚੈੱਕ ਸਬੰਧੀ ''ਮਾਪੇ-ਸਹੁਰੇ'' ਆਹਮੋ-ਸਾਹਮਣੇ
Monday, Oct 29, 2018 - 11:47 AM (IST)

ਅੰਮ੍ਰਿਤਸਰ (ਜ. ਬ.) : ਜੌੜਾ ਫਾਟਕ 'ਤੇ ਰਾਵਣ ਨੂੰ ਸਾੜਨ ਸਮੇਂ ਵਾਪਰੇ ਦਰਦਨਾਕ ਹਾਦਸੇ 'ਚ ਹੋਈਆਂ ਮੌਤਾਂ 'ਤੇ ਮਦਦ ਦੇ ਮੁਆਵਜ਼ੇ ਦੇ ਵੰਡੇ ਜਾ ਰਹੇ 5-5 ਲੱਖ ਰੁਪਏ ਦੇ ਚੈੱਕਾਂ 'ਤੇ ਜਿਥੇ ਸਿਆਸਤ ਹੋ ਰਹੀ ਹੈ, ਉਥੇ ਹੀ ਮੁਆਵਜ਼ੇ ਦੀ ਰਕਮ ਨੂੰ ਲੈ ਕੇ ਵੀ 'ਮਹਾਭਾਰਤ' ਸ਼ੁਰੂ ਹੋ ਗਿਆ ਹੈ। 'ਜਗ ਬਾਣੀ' ਇਸ ਹਾਦਸੇ ਨਾਲ ਜੁੜਿਆ ਇਹ ਖੁਲਾਸਾ ਤੱਥਾਂ ਦੇ ਆਧਾਰ 'ਤੇ ਕਰਨ ਜਾ ਰਹੀ ਹੈ, ਜਿਸ ਵਿਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ 'ਤੇ ਮੁਆਵਜ਼ੇ ਦੀ ਰਕਮ ਨੂੰ ਲੈ ਕੇ ਸਹੁਰਾ ਪਰਿਵਾਰ ਤੇ ਮਾਪੇ ਪੱਖ ਦੇ ਲੋਕ ਆਹਮੋ-ਸਾਹਮਣੇ ਆ ਗਏ ਹਨ। ਅਸਥੀਆਂ ਵਹਾਉਣ ਤੋਂ ਪਹਿਲਾਂ ਮੁਆਵਜ਼ੇ ਦੀ ਰਕਮ ਲਈ ਹੰਝੂ ਵਹਾ ਰਹੇ ਹਨ। 4 ਮੌਤਾਂ ਦੇ 20 ਲੱਖ ਰੁਪਏ ਦੇ ਚੈੱਕ ਨੂੰ ਝਗੜਾ ਲਿਖ ਕੇ ਰੋਕ ਦਿੱਤਾ ਗਿਆ ਹੈ।
ਮਾਮਲਾ ਮ੍ਰਿਤਕ ਅਮਨ ਡੋਗਰਾ ਦੇ ਪਰਿਵਾਰ ਨਾਲ ਜੁੜਿਆ ਹੈ, ਹਾਦਸੇ 'ਚ ਅਮਨ ਡੋਗਰਾ (34), ਪਤਨੀ ਪੂਜਾ ਡੋਗਰਾ (32), ਲੜਕਾ ਨਕੁਲ ਡੋਗਰਾ (12) ਤੇ ਲੜਕੀ ਕਸ਼ਿਸ਼ ਡੋਗਰਾ ਦੀ ਮੌਤ ਹੋ ਚੁੱਕੀ ਹੈ। ਅਮਨ ਦਾ ਵਿਆਹ 2006 'ਚ ਪੂਜਾ ਨਾਲ ਹੋਇਆ ਸੀ, ਪੂਜਾ ਗ੍ਰੈਜੂਏਟ ਸੀ, ਵਿਆਹ ਦੇ 2 ਮਹੀਨੇ ਬਾਅਦ ਹੀ ਅਮਨ ਪਰਿਵਾਰ ਨਾਲੋਂ ਵੱਖ ਰਹਿਣ ਲੱਗਾ। 7000 ਰੁਪਏ ਦੀ ਪ੍ਰਾਈਵੇਟ ਨੌਕਰੀ ਕਰਦਾ ਸੀ, 2 ਬੱਚਿਆਂ ਦੀ ਪੜ੍ਹਾਈ ਤੇ ਘਰ ਦਾ ਖਰਚਾ ਵੀ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਅਮਨ ਦੇ ਪਿਤਾ ਸਤਪਾਲ ਡੋਗਰਾ ਦੀ ਵੀ ਮੌਤ ਹੋ ਚੁੱਕੀ ਹੈ। ਲਗਭਗ 2 ਮਹੀਨੇ ਪਹਿਲਾਂ ਮਾਂ ਊਸ਼ਾ ਡੋਗਰਾ ਦੀ ਵੀ ਮੌਤ ਹੋ ਚੁੱਕੀ ਹੈ। ਅਮਨ ਦੇ 2 ਭਰਾ ਪੀਟਰ ਡੋਗਰਾ ਤੇ ਰਾਕੇਸ਼ ਡੋਗਰਾ ਸਨ। ਪੀਟਰ ਦੀ ਵੀ ਮੌਤ ਹੋ ਚੁੱਕੀ ਹੈ, ਭਰਾ ਰਾਕੇਸ਼ ਡੋਗਰਾ ਕਿਸੇ ਕਾਰ ਕੰਪਨੀ 'ਚ ਉੱਚ ਅਹੁਦੇ 'ਤੇ ਹੈ ਤੇ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਕੋਲ ਕੋਠੀ ਹੈ। ਅਮਨ ਦਾ ਸਸਕਾਰ ਕਰਨ ਵਾਲੇ ਗੌਰਵ ਅਨੁਸਾਰ ਅਮਨ ਨੂੰ ਉਸ ਦੇ ਘਰ ਵਾਲਿਆਂ ਨੇ ਬੇਦਖਲ ਕੀਤਾ ਸੀ ਪਰ ਜਦ ਰੇਲ ਹਾਦਸੇ 'ਚ ਪੂਰੇ ਪਰਿਵਾਰ ਦੀ ਮੌਤ ਹੋ ਗਈ ਤਾਂ ਉਹ 20 ਲੱਖ ਦੇ ਚੈੱਕ ਲਈ ਦਖਲ ਦੇਣ ਲੱਗੇ। 20 ਲੱਖ 'ਤੇ ਦੋਵਾਂ ਪੱਖਾਂ ਨੇ ਬਿਨੇ ਕੀਤਾ। ਚੈੱਕ ਨੂੰ ਲੈ ਕੇ ਸਰਕਾਰ ਵੱਲੋਂ ਝਗੜਾ ਲਿਖ ਦਿੱਤਾ ਗਿਆ ਹੈ।