ਜਾਣੋ ਕਿਉਂ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਅੰਮ੍ਰਿਤਪਾਲ
Monday, Apr 24, 2023 - 06:24 PM (IST)
ਚੰਡੀਗੜ੍ਹ/ਮੋਗਾ : ਪਿਛਲੇ 36 ਦਿਨਾਂ ਤੋਂ ਫਰਾਰ ਚੱਲ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਐਤਵਾਰ ਮੋਗਾ ਦੇ ਰੋਡੇ ਪਿੰਡ ਤੋਂ ਪੰਜਾਬ ਪੁਲਸ ਅਤੇ ਇੰਟੈਲੀਜੈਂਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤੋਂ ਸੈਂਕੜੇ ਮੀਲ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਡਿਬਰੂਗੜ੍ਹ ਜੇਲ੍ਹ ਭੇਜਣ ਪਿੱਛੇ ਕੇਂਦਰੀ ਏਜੰਸੀਆਂ ਦੀ ਮਨਸ਼ਾ ਇਹ ਰਹੀ ਹੈ ਕਿ ਅੰਮ੍ਰਿਤਪਾਲ ਨੂੰ ਪੰਜਾਬ ’ਚ ਰੱਖਣ ਨਾਲ ਅਮਨ-ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਅਜਨਾਲਾ ਥਾਣੇ ਦੇ ਬਾਹਰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕ ਪੁੱਜੇ ਸਨ, ਉਸੇ ਤਰ੍ਹਾਂ ਦੀ ਸਥਿਤੀ ਜੇਲ੍ਹ ਦੇ ਬਾਹਰ ਵੀ ਪੈਦਾ ਹੋ ਸਕਦੀ ਹੈ, ਜਿੱਥੇ ਅੰਮ੍ਰਿਤਪਾਲ ਸਿੰਘ ਜਾਂ ਉਸ ਦੇ ਸਮਰਥਕਾਂ ਨੂੰ ਰੱਖਿਆ ਗਿਆ ਹੋਵੇਗਾ ਪਰ ਅਸਾਮ ਵਰਗੇ ਸੂਬੇ ’ਚ ਇਨ੍ਹਾਂ ਖਾਲਿਸਤਾਨ ਸਮਰਥਕਾਂ ਨੂੰ ਭੇਜ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਇਸ ਪ੍ਰੇਸ਼ਾਨੀ ਤੋਂ ਮੁਕਤ ਹੋ ਗਈ ਹੈ। ਉਕਤ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਤੋਂ ਸੈਂਕੜੇ ਸਮਰਥਕਾਂ ਦਾ ਅਸਾਮ ਜਾਣਾ ਬਹੁਤ ਔਖਾ ਹੈ। ਦੂਜੇ ਪਾਸੇ ਜੇਕਰ ਉਸ ਦੇ ਸਮਰਥਕ ਵੀ ਉੱਥੇ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਦੀ ਸਪੱਸ਼ਟ ਪਛਾਣ ਹੋ ਸਕੇਗੀ ਕਿਉਂਕਿ ਉਨ੍ਹਾਂ ਦੀ ਪੰਜਾਬ ਜਾਂ ਉੱਤਰੀ ਭਾਰਤ ਦੀ ਬਜਾਏ ਅਸਾਮ ’ਚ ਆਸਾਨੀ ਨਾਲ ਪਛਾਣ ਹੋ ਜਾਵੇਗੀ।
ਇਹ ਵੀ ਪੜ੍ਹੋ : ਮੁਕਤਸਰ ’ਚ ਲਾਪਤਾ ਹੋਈ ਕੁੜੀ, ਅਬੋਹਰ ’ਚ ਅਜਿਹੀ ਹਾਲਤ ’ਚ ਮਿਲੀ ਲਾਸ਼ ਦੇਖ ਕੰਬ ਗਿਆ ਦਿਲ
ਬਿਨਾਂ ਅਦਾਲਤ ’ਚ ਪੇਸ਼ ਕੀਤੇ 6 ਮਹੀਨੇ ਰਖਿਆ ਜਾ ਸਕਦਾ ਹਿਰਾਸਤ ’ਚ
ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਐਕਟ (ਐੱਨ. ਐੱਸ. ਏ.) ਤਹਿਤ ਫੜ੍ਹੇ ਗਏ ਦੋਸ਼ੀ ਨੂੰ 6 ਮਹੀਨੇ ਤੱਕ ਹਿਰਾਸਤ ’ਚ ਰੱਖਿਆ ਜਾ ਸਕਦਾ ਹੈ। ਉਸ ਨੂੰ ਬਿਨਾਂ ਕਿਸੇ ਅਦਾਲਤ ’ਚ ਪੇਸ਼ ਕੀਤੇ 6 ਮਹੀਨੇ ਤੱਕ ਰੱਖਣ ਦੀ ਵਿਵਸਥਾ ਹੈ। ਇਸ ਤੋਂ ਬਾਅਦ ਵੀ ਐੱਨ. ਐੱਸ. ਸਲਾਹਕਾਰ ਬੋਰਡ ਫੈਸਲਾ ਕਰਦਾ ਹੈ ਕਿ ਕੀ ਦੋਸ਼ੀ ਅਜੇ ਵੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਜਾਂ ਨਹੀਂ। ਇਹ ਬੋਰਡ ਹੀ ਫੈਸਲਾ ਕਰਦਾ ਹੈ ਕਿ ਉਸ ਦੋਸ਼ੀ ਦੀ ਹਿਰਾਸਤ ਦੀ ਮਿਆਦ ਵਧਾਈ ਜਾਵੇ ਜਾਂ ਨਹੀਂ। ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਸਵਾਲ ’ਤੇ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਇਜਾਜ਼ਤ ਜਾਂਚ ਏਜੰਸੀਆਂ ਦੇ ਹੱਥ ’ਚ ਹੈ। ਆਗਿਆ ਅਤੇ ਸ਼ਰਤ ਦੇ ਨਾਲ, ਭਾਵ, ਜੇ ਉਹ ਆਗਿਆ ਦਿੰਦੇ ਵੀ ਹਨ, ਤਾਂ ਕਿਸੇ ਨਾ ਕਿਸੇ ਸ਼ਰਤ ਨਾਲ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਪ੍ਰੈੱਸ ਕਾਨਫਰੰਸ, ਪੂਰੀ ਕਾਰਵਾਈ ਦੀ ਦਿੱਤੀ ਜਾਣਕਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।