ਭਰੂਣ ਹੱਤਿਆ ਤੇ ਪ੍ਰਦੂਸ਼ਣ ਰਹਿਤ ਹੋਵੇ ਪੰਜਾਬ : ਅਮਰਿੰਦਰ ਬੋਬੀ

01/18/2017 10:23:08 PM

ਮੇਰੇ ਸੁਪਨਿਆਂ ਦਾ ਪੰਜਾਬ ਇਕ ਅਜਿਹਾ ਪੰਜਾਬ ਹੈ, ਜਿਥੇ ਖੇਤਾਂ ਦੀਆਂ ਵੱਟਾਂ ''ਤੇ ਅੱਜ ਵੀ ਇਕ ਖੁਸ਼ ਕਿਸਾਨ ਮੋਢੇ ''ਤੇ ਕਹੀ ਰੱਖ ਕੇ ਪੋਹ ਫੁੱਟਦੇ ਹੀ ਗੀਤ ਗਾਉਂਦਾ ਖੇਤਾਂ ਨੂੰ ਤੁਰਿਆ ਜਾਂਦਾ ਹੈ। ਘਰਾਂ ''ਚ ਲੱਸੀ ਘਿਉ ਤੇ ਮੱਖਣ ਤਿਆਰ ਹੁੰਦਾ ਹੋਵੇ ਜਾਂ ਥੋੜ੍ਹੇ ਸ਼ਬਦਾਂ ''ਚ ਕਹਿ ਲਵੋ ਇਕ ਅਜਿਹਾ ਪੰਜਾਬ, ਜੋ ਬੇਫਿਕਰ, ਨਿਡਰ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰਦਾ ਹੈ। ਜਦ ਵੀ ਮੈਂ ਆਪਣੇ ਪੰਜਾਬ ਦਾ ਸੁਪਨਾ ਲੈਂਦਾ ਹਾਂ ਤਾਂ ਮੈਨੂੰ ਧਨੀ ਰਾਮ ਚਾਤਰਿਕ ਦੇ ਉਸ ਗਾਣੇ ਦੀਆਂ ਸਤਰਾਂ ਯਾਦ ਆ ਜਾਂਦੀਆਂ ਹਨ, ਜਿਸ ''ਚ ਉਨ੍ਹਾਂ ਨੇ ਪੰਜਾਬ ਦੀ ਸਿਫਤ ਕਰਦਿਆਂ ਕਿਹਾ ਹੈ ਕਿ ''ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾ ਦੇ ਸਭ ਸਨਮਾਨ ਤੇਰੇ। ਜਲ ਪਾਉਣ ਤੇਰਾ ਹਰਿਆਲ ਤੇਰੀ, ਦਰਿਆ ਪਰਬਤ ਮੈਦਾਨ ਤੇਰੇ''।
ਪਰ ਇਸ ਸਭ ਦੇ ਉਲਟ ਅੱਜ ਪੰਜਾਬ ''ਚ ਕਿਸਾਨ ਕਰਜ਼ ਅਤੇ ਪ੍ਰੇਸ਼ਾਨੀਆਂ ਝੱਲ ਰਿਹਾ ਹੈ। ਛੋਟੇ ਕਿਸਾਨਾਂ ਦੀ ਹਾਲਤ ਹੋਰ ਬਦਤਰ ਹੁੰਦੀ ਜਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਵੱਲ ਵਿਸ਼ੇਸ਼ ਧਿਆਨ ਦੇਵੇ। ਪੰਜਾਬ ਬੁਰੀ ਤਰ੍ਹਾਂ ਨਾਲ ਨਸ਼ੇ ਦੀ ਲਪੇਟ ''ਚ ਹੈ। ਪੰਜਾਬ ''ਚੋਂ ਨਸ਼ਿਆਂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸੂਬੇ ਵਿਚੋਂ ਪਹਿਲਾਂ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾਵੇ। ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈ-ਰੋਜ਼ਗਾਰ ਦੇ ਮੌਕੇ ਦਿੱਤੇ ਜਾਣ।
ਸੂਬੇ ਅੰਦਰ ਭਰੂਣ ਹੱਤਿਆਂ ਵਰਗੀ ਬੀਮਾਰੀ ਨੂੰ ਜੜ੍ਹੋਂ ਪੁੱਟਣਾ ਬੇਹੱਦ ਜ਼ਰੂਰੀ ਹੈ। ਸਰਕਾਰਾਂ ਇਸ ਪ੍ਰਤੀ ਹੋਰ ਗੰਭੀਰ ਹੋਣ ਤਾਂ ਜੋ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੇ ਘੱਟ ਰਹੇ ਅਨੁਪਾਤ ਨੂੰ ਨੱਥ ਪਾਈ ਜਾ ਸਕੇ। ਔਰਤਾਂ ਤੇ ਲੜਕੀਆਂ ਦਾ ਬਣਦਾ ਮਾਣ ਸਨਮਾਨ ਹੋਣਾ ਚਾਹੀਦਾ ਹੈ। ਰੁੱਖ ਲਗਾਉਣ, ਪਾਣੀ ਬਚਾਉਣ ਤੇ ਜਵਾਨੀ ਬਚਾਉਣ ''ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਹੀ ਇਕ ਸਿਹਤਮੰਦ ਪੰਜਾਬ ਦਾ ਨਿਰਮਾਣ ਹੋ ਸਕੇਗਾ। ਅੰਤ ''ਚ ਕਹਾਂਗਾ ਕਿ ਸਾਨੂੰ ਸਭ ਨੂੰ ਰਲ ਕੇ ਭਰੂਣ ਹੱਤਿਆ ਰਹਿਤ, ਨਸ਼ਾ ਰਹਿਤ ਤੇ ਪ੍ਰਦੂਸ਼ਣ ਰਹਿਤ ਪੰਜਾਬ ਸਿਰਜਣ ਲਈ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ।

Related News