ਅਮਰੀਕਾ ਤੋਂ Deport ਹੋ ਕੇ ਆਏ ਪੰਜਾਬੀ ਨੂੰ ਲੱਭਿਆ ਲੱਖਾਂ ਰੁਪਏ ਕਮਾਉਣ ਦਾ ਤਰੀਕਾ, ਬਦਲ ਗਈ ਜ਼ਿੰਦਗੀ

Monday, Feb 24, 2025 - 02:58 PM (IST)

ਅਮਰੀਕਾ ਤੋਂ Deport ਹੋ ਕੇ ਆਏ ਪੰਜਾਬੀ ਨੂੰ ਲੱਭਿਆ ਲੱਖਾਂ ਰੁਪਏ ਕਮਾਉਣ ਦਾ ਤਰੀਕਾ, ਬਦਲ ਗਈ ਜ਼ਿੰਦਗੀ

ਅੰਮ੍ਰਿਤਸਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸ ਤਹਿਤ ਜਿੱਥੇ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਉੱਥੇ ਹੀ ਅਜਿਹੇ ਭਾਰਤੀਆਂ ਨੂੰ ਵੀ ਵਾਪਸ ਭੇਜਿਆ ਜਾ ਰਿਹਾ ਹੈ। ਡਿਪੋਰਟ ਹੋ ਕੇ ਆਉਣ ਵਾਲੇ ਭਾਰਤੀਆਂ ਵਿਚ ਪੰਜਾਬ ਦੇ ਵੀ ਕਈ ਨੌਜਵਾਨ ਸ਼ਾਮਲ ਹਨ। ਇਸ ਵੇਲੇ ਜਿੱਥੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਇਹ ਨੌਜਵਾਨ ਭਵਿੱਖ ਨੂੰ ਲੈ ਕੇ ਡੂੰਘੀਆਂ ਸੋਚਾਂ ਵਿਚ ਡੁੱਬੇ ਹੋਏ ਹਨ, ਉਨ੍ਹਾਂ ਲਈ ਤਰਨ ਤਾਰਨ ਦਾ ਨੌਜਵਾਨ ਇਕ ਮਿਸਾਲ ਹੈ। 

ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ

ਦਰਅਸਲ, ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੋਵੇ। 2019 ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਾਲ ਦੇ ਵਿਚ ਹੀ ਭਾਰਤ ਤੋਂ ਗੈਰ-ਕਾਨੂੰਨੀ ਢੰਗ ਨਾਲ ਆਏ 616 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਸੀ। ਇਨ੍ਹਾਂ ਵਿਚ ਤਰਨ ਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਪਰਮਜੀਤ ਸਿੰਘ ਪੰਨੂ ਵੀ ਸ਼ਾਮਲ ਸੀ। ਪਰ ਵਾਪਸ ਆ ਕੇ ਉਸ ਨੇ ਹਿੰਮਤ ਨਹੀਂ ਹਾਰੀ ਤੇ ਸਖ਼ਤ ਮਿਹਨਤ ਨਾਲ ਨਵੇਂ ਸਿਰੇ ਤੋਂ ਆਪਣੀ ਤਕਦੀਰ ਲਿਖ ਦਿੱਤੀ। ਪਰਮਜੀਤ ਸਿੰਘ ਪੰਨੂ 2019 ਵਿਚ 25 ਲੱਖ ਰੁਪਏ ਖਰਚ ਕੇ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ। ਬਾਰਡਰ ਕ੍ਰਾਸ ਕਰਦਿਆਂ ਹੀ ਅਮਰੀਕਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜੇਲ੍ਹ ਵਿਚ ਕੈਦ ਕਰ ਲਿਆ। ਉਸ ਨੇ ਪਰਿਵਾਰ ਨਾਲ ਸੰਪਰਕ ਕਰ ਕੇ ਕੇਸ ਲੜਿਆ, ਜਿਸ 'ਤੇ ਤਕਰੀਬਨ 10 ਲੱਖ ਰੁਪਏ ਦਾ ਹੋਰ ਖਰਚਾ ਹੋ ਗਿਆ। 

ਉਹ ਮਾਰਚ ਵਿਚ ਅਮਰੀਕਾ ਗਿਆ ਸੀ ਤੇ ਉਸੇ ਸਾਲ ਦੇ ਅਖ਼ੀਰ ਵਿਚ ਉਸ ਨੂੰ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ। ਵਾਪਸ ਆ ਕੇ ਉਸ ਨੇ ਫ਼ੈਸਲਾ ਲਿਆ ਕਿ ਹੁਣ ਉਹ ਪਰਿਵਾਰ ਨਾਲ ਰਲ਼ ਕੇ ਆਪਣੇ ਰਵਾਇਤੀ ਕੰਮ ਖੇਤੀਬਾੜੀ ਨੂੰ ਹੀ ਸੰਭਾਲੇਗਾ ਤੇ ਵਿਦੇਸ਼ ਜਾਣ ਦੀ ਸੋਚ ਨਹੀਂ ਰੱਖੇਗਾ। ਸਾਂਝਾ ਪਰਿਵਾਰ ਹੋਣ ਕਾਰਨ ਉਨ੍ਹਾਂ ਕੋਲ 20 ਏਕੜ ਜ਼ਮੀਨ ਸੀ, ਜਿਸ ਵਿਚ ਉਸ ਨੇ ਖੇਤੀ ਸ਼ੁਰੂ ਕੀਤੀ। ਫ਼ਿਰ ਹਰ ਸਾਲ ਖੇਤੀ ਦਾ ਕੰਮ ਵਧਾਉਂਦਿਆਂ ਹੌਲ਼ੀ-ਹੌਲ਼ੀ 160 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਉਹ ਹੁਣ ਹਰ ਸਾਲ ਤਕਰੀਬਨ 50 ਲੱਖ ਰੁਪਏ ਤਕ ਦੀ ਬਚਤ ਕਰ ਰਿਹਾ ਹੈ। ਇਸ ਨਾਲ ਨਾ ਸਿਰਫ਼ ਉਹ ਖ਼ੁਦ ਚੰਗੀ ਜ਼ਿੰਦਗੀ ਜੀ ਰਿਹਾ ਹੈ, ਸਗੋਂ ਪਰਿਵਾਰ ਵੀ ਉਸ ਦੇ ਇਸ ਫ਼ੈਸਲੇ ਨਾਲ ਬੜਾ ਖੁਸ਼ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ

ਦੋਸਤ ਨੂੰ ਵੇਖ ਕੇ ਗਿਆ ਸੀ ਵਿਦੇਸ਼

ਪਰਮਜੀਤ ਸਿੰਘ ਪੰਨੂ ਨੇ ਕਿਹਾ ਕਿ ਉਸ ਦੇ ਪਿੰਡ ਦੇ ਕਾਫ਼ੀ ਨੌਜਵਾਨ ਵਿਦੇਸ਼ ਜਾ ਰਹੇ ਸਨ। ਜਦੋਂ ਉਸ ਦੇ ਇਕ ਦੋਸਤ ਮਨਪ੍ਰੀਤ ਮੰਨਾ ਦਾ ਅਮਰੀਕਾ ਦਾ ਵੀਜ਼ਾ ਆਇਆ ਤਾਂ ਉਹ ਉਸ ਨੂੰ ਏਅਰਪੋਰਟ ਛੱਡਣ ਗਿਆ। ਇਸ ਸਭ ਨਾਲ ਉਸ ਦਾ ਵੀ ਬਾਹਰ ਜਾਣ ਨੂੰ ਚਿੱਤ ਕੀਤਾ ਤੇ ਵਾਪਸ ਆਉਂਦੇ ਸਾਰ ਉਸ ਨੇ ਆਪਣਾ ਪਾਸਪੋਰਟ ਅਪਲਾਈ ਕਰ ਦਿੱਤਾ। ਪਾਸਪੋਰਟ ਆਉਣ ਮਗਰੋਂ ਟ੍ਰੈਵਲ ਏਜੰਟ ਨਾਲ ਅਮਰੀਕਾ ਜਾਣ ਦੀ ਗੱਲ ਕੀਤੀ ਤਾਂ ਉਸ ਨੇ 25 ਲੱਖ ਰੁਪਏ ਲਏ ਤੇ ਫ਼ਿਰ ਡੌਂਕੀ ਲਵਾ ਕੇ ਅਮਰੀਕਾ ਭੇਜ ਦਿੱਤਾ। ਪਰ ਅਮਰੀਕਾ ਪਹੁੰਚਦਿਆਂ ਹੀ ਉਸ ਨੂੰ ਅਮਰੀਕਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਨੂੰ 9 ਮਹੀਨੇ ਜੇਲ੍ਹ ਵਿਚ ਬਿਤਾਉਣੇ ਪਏ ਸੀ। ਪੰਨੂ ਨੇ ਕਿਹਾ ਕਿ ਉਹ ਜੇਲ੍ਹ ਵਿਚ ਬਿਤਾਏ ਦਿਨਾਂ ਨੂੰ ਯਾਦ ਕਰ ਕੇ ਅੱਜ ਵੀ ਭਾਵੁਕ ਹੋ ਜਾਂਦਾ ਹੈ। ਉਹ ਖ਼ੁਦ ਨੂੰ ਬੜਾ ਖ਼ੁਸ਼ਕਿਸਮਤ ਸਮਝਦਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਆਪਣੇ ਮਾਪਿਆਂ ਦੇ ਨਾਲ ਰਾਜ਼ੀ-ਖ਼ੁਸ਼ੀ ਰਹਿ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News