ਧੀ ਨੂੰ ਤੋਹਫਾ ਦੇਣ ਲਈ ਐਮਾਜ਼ਾਨ ਤੋਂ ਮੰਗਵਾਇਆ ਸੀ ਆਨਲਾਈਨ ਟੈਬ, ਪਾਰਸਲ ਖੋਲ੍ਹਣ 'ਤੇ ਉੱਡੇ ਹੋਸ਼
Sunday, Jan 05, 2020 - 04:43 PM (IST)
ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਮੁਹੱਲਾ ਦੀਪ ਨਗਰ 'ਚੋਂ ਇਕ ਵਿਅਕਤੀ ਨੂੰ ਆਨਲਾਈਨ ਸ਼ਾਪਿੰਗ ਕਰਨੀ ਮਹਿੰਗੀ ਪੈ ਗਈ ਅਤੇ ਉਕਤ ਵਿਅਕਤੀ ਐਮਾਜ਼ਾਨ ਕੰਪਨੀ ਤੋਂ ਠੱਗੀ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਦਿੰਦੇ ਮੁਹੱਲਾ ਦੀਪ ਨਗਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਐਮਾਜ਼ਾਨ ਕੰਪਨੀ ਤੋਂ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਉਸ ਨੂੰ ਤੋਹਫਾ ਦੇਣ ਲਈ ਇਕ ਟੈਬ ਆਨਲਾਈਨ ਆਰਡਰ ਕੀਤਾ ਸੀ, ਜਿਸ ਬਦਲੇ ਉਸ ਨੇ 4395 ਰੁਪਏ ਕੰਪਨੀ ਨੂੰ ਅਦਾ ਕੀਤੇ ਸਨ। ਉਸ ਨੇ ਦੱਸਿਆ ਕਿ ਜਦੋਂ ਕੰਪਨੀ ਵੱਲੋਂ ਭੇਜਿਆ ਗਿਆ ਪਾਰਸਲ ਉਨ੍ਹਾਂ ਨੇ ਖੋਲ੍ਹ ਕੇ ਚੈੱਕ ਕੀਤਾ ਤਾਂਤਾਂ ਉਕਤ ਪੈਕਿੰਗ 'ਚੋਂ ਕੁਝ ਵੀ ਨਹੀਂ ਨਿਕਲਿਆ, ਜਿਸ ਕਾਰਨ ਉਹ ਠੱਗੀ ਦਾ ਸ਼ਿਕਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਪਰ ਕੋਈ ਵੀ ਸੰਤੁਸ਼ਟੀਜਨਕ ਜਵਾਬ ਨਹੀਂ ਮਿਲ ਸਕਿਆ। ਉਨ੍ਹਾਂ ਨੇ ਆਪਣੇ ਨਾਲ ਹੋਈ ਠੱਗੀ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਕੰਪਨੀ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਦੋਬਾਰਾ ਸਾਮਾਨ ਭੇਜਿਆ ਜਾਵੇ ਜਾਂ ਫਿਰ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣ।
ਇਹ ਵੀ ਹੋਇਆ ਠੱਗੀ ਦਾ ਸ਼ਿਕਾਰ
ਇਸੇ ਤਰ੍ਹਾਂ ਐਮਾਜ਼ਾਨ ਕੰਪਨੀ ਦੀ ਹੀ ਠੱਗੀ ਦਾ ਸ਼ਿਕਾਰ ਹੁਸ਼ਿਆਰਪੁਰ ਦੇ ਮੁਹੱਲਾ ਪ੍ਰੀਤ ਨਗਰ ਦਾ ਰਹਿਣ ਵਾਲਾ ਸੰਦੀਪ ਚਾਵਲਾ ਵੀ ਹੋਇਆ, ਜਿਸ ਨੇ 44 ਹਜ਼ਾਰ ਦੇ ਕਰੀਬ ਆਨਲਾਈਨ ਲੈਪਟਾਪ ਮੰਗਵਾਇਆ ਸੀ। ਉਸ ਨੇ ਦੱਸਿਆ ਕਿ ਜਦੋਂ ਪੈਕਿੰਗ ਦੀ ਡਿਲਿਵਰੀ ਹੋਈ ਤਾਂ ਡਿਲਿਵਰੀ ਦੇਣ ਆਏ ਵਿਅਕਤੀ ਦੇ ਸਾਹਮਣੇ ਹੀ ਉਸ ਨੇ ਪੈਕਿੰਗ ਖੋਲ੍ਹੀ ਤਾਂ ਉਕਤ ਪੈਕਿੰਗ 'ਚੋਂ ਲੈਪਟਾਪ ਨਾ ਹੋ ਕੇ ਚਾਰ ਗਲਾਸ ਅਤੇ ਦੋ ਸ਼ਰਬਤ ਦੀਆਂ ਬੋਤਲਾਂ ਨਿਕਲੀਆਂ। ਉਨ੍ਹਾਂ ਨੇ ਇਸ ਸਬੰਧੀ ਕੰਪਨੀ ਤੋਂ ਦੋਬਾਰਾ ਸਾਮਾਨ ਭੇਜੇ ਜਾਣ ਦੀ ਮੰਗ ਕੀਤੀ ਅਤੇ ਨਾਲ ਦੇ ਨਾਲ ਹੀ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਨਲਾਈਨ ਸ਼ਾਪਿੰਗ ਨਾ ਕਰਨ ਅਤੇ ਬਾਜ਼ਾਰ 'ਚੋਂ ਹੀ ਸਾਮਾਨ ਖਰੀਦਣ ਨੂੰ ਤਰਜੀਹ ਦੇਣ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ।